ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 13 ਜੁਲਾਈ
ਕਾਂਗਰਸ ਸਰਕਾਰ ਵੇਲੇ ਸੂਬੇ ਦੇ ਪੰਤਾਲੀ ਸਰਕਾਰੀ ਮਿਡਲ ਸਕੂਲਾਂ ਨੂੰ ਹਾਈ ਸਕੂਲ ਅਪਗਰੇਡ ਕਰਨ ਦਾ ਐਲਾਨ ਕਰਕੇ ਦਸਵੀਂ ਤੱਕ ਦੀਆਂ ਜਮਾਤਾਂ ਲਈ ਦਾਖਲੇ ਸ਼ੁਰੂ ਕਰ ਲਏ ਸਨ। ਇਨ੍ਹਾਂ ਵਿੱਚੋਂ ਪੰਜ ਸਕੂਲ ਲੁਧਿਆਣਾ ਜ਼ਿਲ੍ਹੇ ਦੇ ਇਸ ਖੇਤਰ ਵਿੱਚ ਪੈਂਦੇ ਸਨ ਜਿੱਥੋਂ ਦੇ ਬੱਚਿਆਂ ਤੇ ਮਾਪਿਆਂ ਦੀ ਚਾਅ ਵਿੱਚ ਅੱਡੀ ਭੂੰਜੇ ਨਹੀਂ ਸੀ ਲੱਗਦੀ। ਹੁਣ ਹਾਲਤ ਇਹ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲੈ ਕੇ ਜਮਾਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਉਨ੍ਹਾਂ ਦੇ ਸਕੂਲ ਮੁਖੀਆਂ ਨੇ ਹੁਕਮ ਚਾੜ੍ਹ ਦਿੱਤਾ ਹੈ ਕਿ ਆਪਣੇ ਦਾਖਲੇ ਕਿਸੇ ਹੋਰ ਪਹਿਲਾਂ ਚੱਲ ਰਹੇ ਸਰਕਾਰੀ ਜਾਂ ਪ੍ਰਾਈਵੇਟ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੈ ਲੈਣ। ਖੇੜਾ, ਸ਼ੰਕਰ , ਰਾਏਕੋਟ, ਅਕਾਲਗੜ੍ਹ ਅਤੇ ਗੋਇੰਦਵਾਲ ਵਿੱਚ ਚੱਲ ਰਹੇ ਸਰਕਾਰੀ ਮਿਡਲ ਸਕੂਲ ਵੀ ਉਨ੍ਹਾਂ ਸਕੂਲਾਂ ਵਿੱਚ ਦੱਸੇ ਗਏ ਜਿਨ੍ਹਾਂ ਨੂੰ ਸਕੱਤਰ ਸਕੂਲ ਸਿੱਖਿਆ ਦੇ 8 ਜਨਵਰੀ ਨੂੰ ਪਾਸ ਕੀਤੇ ਨੋਟੀਫਿਕੇਸ਼ਨ ਰਾਹੀਂ ਅਪਗਰੇਡ ਕੀਤਾ ਗਿਆ ਸੀ। ਹੋਰਨਾਂ ਪਿੰਡਾਂ ਦੇ ਮਾਪਿਆਂ ਤੇ ਆਗੂਆਂ ਵਾਂਗ ਸ਼ੰਕਰ ਪਿੰਡ ਦੇ ਵਾਸੀਆਂ ਨੇ ਸਰਪੰਚ ਰਣਵੀਰ ਸਿੰਘ ਮਹਿਮੀ ਦੀ ਅਗਵਾਈ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਘੱਟੋ ਘੱਟ ਤੀਹ ਵਿਦਿਆਰਥੀਆਂ ਨੇ ਅਪਗਰੇਡ ਹੋਏ ਸਰਕਾਰੀ ਸਕੂਲ ਸ਼ੰਕਰ ਵਿੱਚ ਨੌਵੀਂ ਜਮਾਤ ਵਿੱਚ ਦਾਖਲਾ ਲੈ ਲਿਆ ਸੀ। ਸਕੂਲ ਜਾਣਾ ਵੀ ਸ਼ੁਰੂ ਕਰ ਦਿੱਤਾ ਸੀ। ਹੁਣ ਜਦੋਂ ਸੈਸ਼ਨ ਦਾ ਅਹਿਮ ਹਿੱਸਾ ਲੰਘ ਚੁੱਕਿਆ ਹੈ ਤਾਂ ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਸਰਪੰਚ ਰਣਵੀਰ ਸਿੰਘ ਮਹਿਮੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਪੰਚਾਇਤ ਵੱਲੋਂ ਪੱਤਰ ਲਿਖ ਕੇ ਸਕੂਲ ਨੂੰ ਪੱਕੇ ਤੌਰ ’ਤੇ ਹਾਈ ਸਕੂਲ ਦਾ ਦਰਜਾ ਜਾਰੀ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਿੱਖਿਆ ਸੁਧਾਰ ਕਰਨ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਜਾਣਬੁੱਝ ਕੇ ਪ੍ਰਾਈਵੇਟ ਸਕੂਲਾਂ ਨੂੰ ਲਾਹਾ ਦੇਣ ਲਈ ਪਹਿਲਾਂ ਅਪਗਰੇਡ ਕੀਤੇ ਗਏ ਸਕੂਲਾਂ ਵਿੱਚ ਦਾਖਲੇ ਨਹੀਂ ਹੋਣ ਦੇ ਰਹੀ।
ਅਧਿਆਪਕ ਨਾ ਹੋਣ ਕਾਰਨ ਜਮਾਤਾਂ ਚਾਲੂ ਰੱਖਣਾ ਸੰਭਵ ਨਹੀਂ ਸੀ: ਡੀਈਓ
ਡੀਈਓ ਲੁਧਿਆਣਾ ਜਸਵਿੰਦਰ ਕੌਰ ਗਰੇਵਾਲ ਨੇ ਦੱਸਿਆ ਕਿ ਸਬੰਧਤ ਸਕੂਲਾਂ ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕ ਨਿਯੁਕਤ ਨਾ ਹੋਣ ਕਰਕੇ ਜਮਾਤਾਂ ਚਾਲੂ ਰੱਖਣਾ ਸੰਭਵ ਨਹੀਂ ਸੀ। ਇਸ ਲਈ ਵਿਦਿਆਰਥੀਆਂ ਨੂੰ ਹਾਲ ਦੀ ਘੜੀ ਨੇੜਲੇ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਵੀ ਵਿਦਿਆਰਥੀ ਨੂੰ ਦਾਖਲਾ ਲੈਣ ਵਿੱਚ ਦਿੱਕਤ ਆਵੇਗੀ ਉਸ ਦੀ ਲੋੜੀਂਦੀ ਮਦਦ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।