ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਮਾਰਚ
ਸ਼ਹਿਰ ਦੇ ਸੁੰਦਰ ਸਥਿਤ ਇੱਕ ਹੌਜ਼ਰੀ ਫੈਕਟਰੀ ਵਿਚ ਚਾਹ ਪਿਲਾ ਕੇ ਨੇਪਾਲੀ ਨੌਕਰ 6 ਲੱਖ ਰੁਪਏ ਤੇ ਐਕਟਿਵਾ ਲੈ ਕੇ ਫ਼ਰਾਰ ਹੋ ਗਿਆ। ਹੌਜਰੀ ਫੈਕਟਰੀ ਵਿਚ ਇਹ ਪੈਸੇ ਕੈਸ਼ੀਅਰ ਕੋਲ ਪਏ ਹੋਏ ਸਨ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਅਗਲੀ ਸਵੇਰ ਫੈਕਟਰੀ ਦਾ ਮਾਲਕ ਉਥੇ ਆਇਆ ਤੇ ਖ਼ਜ਼ਾਨਚੀ ਨੂੰ ਬੇਹੋਸ਼ ਦੇਖਿਆ। ਫੈਕਟਰੀ ਮਾਲਕ ਨੇ ਖ਼ਜ਼ਾਨਚੀ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਤੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਦਰੇਸੀ ਦੀ ਪੁਲੀਸ ਨੇ ਨੇਪਾਲੀ ਨੌਕਰ ਦੇ ਖਿਲਾਫ਼ ਕੇਸ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਨੇਪਾਲ ਦੇ ਜ਼ਿਲ੍ਹਾ ਆਮਾਰ ਦੇ ਪਿੰਡ ਬਟਕੀਰਾ ਦੇ ਰਹਿਣ ਵਾਲੇ ਰਾਜੂ ਵਜੋਂ ਹੋਈ ਹੈ। ਪੁਲੀਸ ਨੇ ਬੀਆਰਐੱਸ ਨਗਰ ਸਥਿਤ ਸਵਾਮੀ ਵਿਵੇਕਾਨੰਦ ਅਪਾਰਟਮੈਂਟ ’ਚ ਰਹਿਣ ਵਾਲੇ ਨਵਰਤਨ ਸ਼ਰਮਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਨਵਰਤਨ ਨੇ ਦੱਸਿਆ ਕਿ ਰਾਜੂ ਫੈਕਟਰੀ ’ਚ 3 ਸਾਲਾਂ ਤੋਂ ਚਾਹ ਪਿਆਉਣ ਦਾ ਕੰਮ ਕਰਦਾ ਆ ਰਿਹਾ ਸੀ ਤੇ ਰਾਤ ਨੂੰ ਫੈਕਟਰੀ ’ਚ 65 ਸਾਲਾ ਖ਼ਜ਼ਾਨਚੀ ਸ਼ਾਵਲ ਮੱਲ੍ਹ ਦੇ ਨਾਲ ਰਹਿੰਦਾ ਸੀ। 8 ਮਾਰਚ ਨੂੰ ਉਸ ਨੇ ਸੌ ਰਹੇ ਕੈਸ਼ੀਅਰ ਨੂੰ ਕੋਈ ਨਸ਼ੇ ਦਾ ਟੀਕਾ ਲਗਾ ਕੇ ਜਾਂ ਉਸ ਨੂੰ ਨਸ਼ੀਲੀ ਚਾਹ ਪਿਆ ਕੇ 6 ਲੱਖ ਦੀ ਨਕਦੀ ਤੇ ਐਕਟਿਵਾ ਲੈ ਕੇ ਫ਼ਰਾਰ ਹੋ ਗਿਆ। ਮੁਲਜ਼ਮ ਦਾ ਪਿਤਾ ਤੇ ਭਰਾ ਸੁੰਦਰ ਨਗਰ ਦੀਆਂ 2 ਵੱਖ-ਵੱਖ ਹੌਜ਼ਰੀਆਂ ’ਚ ਕੰਮ ਕਰਦੇ ਹਨ। ਦੋਵਾਂ ਤੋਂ ਪੁੱਛ-ਗਿਛ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਇੱਕ ਟੀਮ ਨੇਪਾਲ ਸਰਹੱਦ ਲਈ ਵੀ ਰਵਾਨਾ ਹੋ ਗਈ ਹੈ।