ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਅਕਤੂਬਰ
ਸੂਬਾ ਸਰਕਾਰ ਨਾਲ ਬਣੀ ਸਹਿਮਤੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਚ ਰਿਹਾਇਸ਼ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜੇਤੂ ਰੈਲੀ ਕਰ ਕੇ ਮੋਰਚਾ ਖ਼ਤਮ ਕਰ ਦਿੱਤਾ ਗਿਆ ਹੈ, ਪਰ ਜਥੇਬੰਦੀ ਵੱਲੋਂ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਭਾਰਤ ਮਾਲਾ ਪ੍ਰਾਜੈਕਟ ਦੀ ਮਾਰ ਹੇਠ ਆਉਣ ਵਾਲੇ ਕਿਸਾਨਾਂ ਦੀਆਂ ਮੰਗਾਂ ਦੇ ਮੁਕੰਮਲ ਨਬਿੇੜੇ ਬਾਅਦ ਹੀ ਮੋਰਚੇ ਦੀ ਸਮਾਪਤੀ ਕੀਤੀ ਜਾਵੇਗੀ। ਭਾਕਿਯੂ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਕੋਟ ਆਗਾ ਵਿਚ ਇਕ ਮੀਟਿੰਗ ਦੌਰਾਨ ਜੇਤੂ ਸੰਘਰਸ਼ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਹੋਈ।
ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਬਿੱਕਰਜੀਤ ਸਿੰਘ ਕਾਲਖ ਅਤੇ ਬਲਵੰਤ ਸਿੰਘ ਘੁਡਾਣੀ ਨੇ ਜੇਤੂ ਕਿਸਾਨ ਸੰਘਰਸ਼ ਲਈ ਅੰਦੋਲਨਕਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੂਰੇ ਮੁਆਵਜ਼ੇ ਦੀ ਪ੍ਰਾਪਤੀ ਤੱਕ ਕੋਟ ਆਗਾ ਮੋਰਚਾ ਦਿਨ ਰਾਤ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਪਰਮਜੀਤ ਸਿੰਘ ਕੋਟ ਆਗਾ, ਜਸਵੰਤ ਸਿੰਘ ਭੱਟੀਆਂ ਢਾਹਾਂ, ਦੇਵਿੰਦਰ ਸਿੰਘ ਘਲੋਟੀ, ਅਵਤਾਰ ਸਿੰਘ ਝੂੰਗੀਆਂ ਬੇਗਾਂ ਸਣੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਸਾਨਾਂ-ਮਜ਼ਦੂਰਾਂ ਨੂੰ ਕੋਟ ਆਗਾ ਮੋਰਚੇ ਦੀ ਹੋਰ ਮਜ਼ਬੂਤੀ ਦਾ ਹੋਕਾ ਦਿੱਤਾ। ਸੰਗਰੂਰ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪਹਿਲੀ ਨਵੰਬਰ ਨੂੰ ਮੇਲਾ ਗ਼ਦਰੀ ਬਾਬਿਆਂ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਵਿਉਂਤਬੰਦੀ ਕੀਤੀ ਗਈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।