ਸਤਵਿੰਦਰ ਬਸਰਾ
ਲੁਧਿਆਣਾ, 17 ਫਰਵਰੀ
ਕਰੋਨਾ ਮਹਾਂਮਾਰੀ ਕਾਰਨ ਬੀਤੀ 5 ਜਨਵਰੀ ਤੋਂ ਬੰਦ ਪ੍ਰਾਇਮਰੀ ਸਕੂਲਾਂ ਦੇ ਅੱਜ ਤੋਂ ਖੁੱਲ੍ਹ ਜਾਣ ਕਾਰਨ ਭਾਵੇਂ ਰੌਣਕਾਂ ਮੁੜ ਪਰਤ ਆਈਆਂ ਹਨ ਪਰ ਬਹੁਤੇ ਸਕੂਲਾਂ ਦੇ ਅਧਿਆਪਕ ਚੋਣ ਡਿਊਟੀਆਂ ਵਿੱਚ ਰੁੱਝੇ ਹੋਣ ਕਾਰਨ ਪਹਿਲੇ ਦਿਨ ਪੜ੍ਹਾਈ ਨਹੀਂ ਹੋ ਸਕੀ। ਇਸ ਵਾਰ ਬਹੁਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ਵਿੱਚ ਲੱਗੀਆਂ ਹੋਣ ਕਰਕੇ ਕਰੀਬ ਡੇਢ ਮਹੀਨੇ ਬਾਅਦ ਸਕੂਲ ਆਏ ਨੰਨ੍ਹੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ। ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ਹੈੱਡ ਟੀਚਰ ਨਰਿੰਦਰ ਸਿੰਘ ਅਨੁਸਾਰ ਉਨ੍ਹਾਂ ਦੇ ਸਕੂਲ ਵਿੱਚ 77 ਫ਼ੀਸਦੀ ਬੱਚੇ ਆਏ। ਬੱਚਿਆਂ ਵਿੱਚ ਸਕੂਲ ਆਉਣ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਦੇ ਹੈੱਡ ਟੀਚਰ ਸੁਖਧੀਰ ਸੇਖੋਂ ਅਨੁਸਾਰ ਉਨ੍ਹਾਂ ਦੇ ਸਕੂਲ ਵਿੱਚ ਵੀ 65 ਤੋਂ 70 ਫ਼ੀਸਦ ਬੱਚੇ ਹਾਜ਼ਰ ਹੋਏ। ਉਨ੍ਹਾਂ ਨੇ ਸਕੂਲ ਖੋਲ੍ਹਣ ਲਈ ਵਿਭਾਗ ਦੀ ਧੰਨਵਾਦ ਕੀਤਾ। ਦੂਜੇ ਪਾਸੇ ਕਈ ਹੋਰ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬਹੁਤੇ ਅਧਿਆਪਕਾਂ ਦੀਆਂ ਡਿਊਟੀਆਂ ਬੀਐੱਲਓ ਵਜੋਂ ਲੱਗੀਆਂ ਹੋਈਆਂ ਹਨ। ਅਧਿਆਪਕਾਂ ਦੀ ਕਮੀ ਕਰਕੇ ਕਈ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਸਕੀ ਅਤੇ ਕਈ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦੀ ਤਿਆਰੀ ਵਿੱਚ ਵੀ ਮੁਸ਼ਕਲਾਂ ਪੇਸ਼ ਆਈਆਂ।