ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਜੁਲਾਈ
ਸੂਬੇ ਭਰ ਦੇ ਦਸ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਵਿੱਚ ਦਾਖਲੇ, ਵਿਦਿਆਰਥੀਆਂ ਦੀ ਮੈਰਿਟ ਸੂਚੀ, ਵਿਸ਼ੇ ਅਤੇ ਸਕੂਲ ਦੀ ਚੋਣ ਦੇ ਅਧਾਰ ’ਤੇ ਕੀਤੇ ਜਾਣਗੇ। ਇਹ ਜਾਣਕਾਰੀ ਸਕੂਲਾਂ ਦਾ ਪ੍ਰਬੰਧ ਦੇਖਦੀ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਦੇ ਦਫਤਰ ਵੱਲੋਂ ਅੱਜ ਜਾਰੀ ਕੀਤੇ ਪੱਤਰ ਰਾਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 29 ਮਈ ਨੂੰ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ। ਪ੍ਰ੍ਰਵੇਸ਼ ਪ੍ਰੀਖਿਆ ਅਤੇ ਦਸਵੀਂ ਜਮਾਤ ਦੇ ਨਤੀਜੇ ਦੇ ਆਧਾਰ ’ਤੇ ਵੱਖ ਵੱਖ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਮੈਰਿਟ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ। ਯੋਗ ਉਮੀਦਵਾਰਾਂ ਨੂੰ ਮੈਰਿਟ ਸੂਚੀ, ਵਿਸ਼ੇ ਅਤੇ ਸਕੂਲ ਦੀ ਚੋਣ ਦੇ ਆਧਾਰ ’ਤੇ ਦਾਖਲੇ ਲਈ ਸਕੂਲ ਅਲਾਟ ਕੀਤਾ ਜਾਵੇਗਾ। ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲੇ ਲਈ ਵਿਸ਼ੇ ਦੀ ਚੋਣ ਅਤੇ ਸਕੂਲ ਦੀ ਚੋਣ ਕਰਨ ਦਾ ਸੱਦਾ ਦਿੱਤਾ ਗਿਆ। ਇਸ ਲਈ ਯੋਗ ਉਮੀਦਵਾਰ ssapunjab.org ਤੇ ਜਾ ਕੇ ਸਟਰੀਮ ਅਤੇ ਸਕੂਲ ਚੋਣ 19 ਤੋਂ 21 ਜੁਲਾਈ ਰਾਤ 12 ਵਜੇ ਤੱਕ ਕਰ ਸਕਣਗੇ। ਸਟੇਸ਼ਨ ਦੀ ਚੋਣ ਨਾ ਕਰਨ ’ਤੇ ਉਸ ਦੀ ਥਾਂ ਉਡੀਕ ਸੂਚੀ ਵਿੱਚੋਂ ਅਗਲੇ ਯੋਗ ਉਮੀਦਵਾਰਾਂ ਨੂੰ ਮੌਕਾ ਦਿਤਾ ਜਾਵੇਗਾ।