ਸਤਵਿੰਦਰ ਬਸਰਾ
ਲੁਧਿਆਣਾ, 19 ਮਾਰਚ
ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਲਈ ਸਕੂਲਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ’ਚ ਫਲੈਕਸ ਬਣਾਉਣ ਅਤੇ ਨੁੱਕੜ ਨਾਟਕ ਆਦਿ ਕਰਵਾਉਣਾ ਵੀ ਸ਼ਾਮਲ ਹੈ। ਇਸ ਸਬੰਧੀ ਕੋਈ ਗ੍ਰਾਂਟ ਨਾ ਹੋਣ ਕਰਕੇ ਇਹ ਸਾਰਾ ਖਰਚਾ ਸਕੂਲ ਮੁਖੀਆਂ/ਅਧਿਆਪਕਾਂ ਨੂੰ ਆਪਣੇ ਪੱਲਿਓਂ ਹੀ ਕਰਨਾ ਪਵੇਗਾ। ਡਿਪਟੀ ਡੀਈਓ ਅਨੁਸਾਰ ਕਈ ਸਕੂਲਾਂ ਦੇ ਅਧਿਆਪਕ ਹੀ ਵਧੀਆ ਕਲਾਕਾਰ ਹਨ, ਜਿਸ ਕਰਕੇ ਨੁੱਕੜ ਨਾਟਕ ਆਦਿ ਕਰਨ ’ਤੇ ਕੋਈ ਖਰਚਾ ਨਹੀਂ ਹੁੰਦਾ। ਪਿਛਲੇ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਦੇ ਦਾਖਲਿਆਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਇਸ ਵਾਧੇ ਨੂੰ ਇਸ ਸੈਸ਼ਨ ਵਿੱਚ ਵੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਕੂਲਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਹਰੇਕ ਸਕੂਲ ਮੁਖੀ ਨੂੰ ਫਲੈਕਸ/ਹੋਰਡਿੰਗ ਲਗਾਉਣ, ਧਾਰਮਿਕ ਜਾਂ ਹੋਰ ਸਾਂਝੀਆਂ ਥਾਵਾਂ ’ਤੇ ਦਾਖਲੇ ਵਧਾਉਣ ਲਈ ਅਨਾਊਂਸਮੈਂਟਾਂ ਕਰਵਾਉਣ, ਪਿੰਡਾਂ/ਕਸਬਿਆਂ/ਸ਼ਹਿਰਾਂ ਵਿੱਚ ਦਾਖਲਾ ਮੁਹਿੰਮ ਸਬੰਧੀ ਨੁੱਕੜ ਨਾਟਕ ਕਰਵਾਉਣ ਲਈ ਆਖਿਆ ਗਿਆ ਹੈ। ਦੂਜੇ ਪਾਸੇ ਕਈ ਸਕੂਲ ਮੁਖੀਆਂ ਨੇ ਆਪਣੇ ਨਾਮ ਨਾ ਲਿਖਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ ਸਾਲ ਵੀ ਹਦਾਇਤਾਂ ਆਈਆਂ ਸਨ। ਇਸ ਸਬੰਧੀ ਕੋਈ ਗ੍ਰਾਂਟ ਨਹੀਂ ਆਉਂਦੀ, ਜਿਸ ਕਰਕੇ ਸਕੂਲ ਮੁਖੀ ਤੇ ਅਧਿਆਪਕਾਂ ਨੂੰ ਆਪਣੇ ਪੱਧਰ ’ਤੇ ਹੀ ਪ੍ਰਬੰਧ ਕਰਨਾ ਪੈਂਦਾ ਹੈ।
ਈ-ਪ੍ਰਾਸਪੈਕਟ ਤੇ ਅਨਾਊਂਸਮੈਂਟ ’ਤੇ ਖਰਚਾ ਨਹੀਂ ਹੁੰਦਾ: ਡਿਪਟੀ ਡੀਈਓ
ਡਿਪਟੀ ਡੀਈਓ ਚਰਨਜੀਤ ਸਿੰਘ ਨੇ ਕਿਹਾ ਕਿ ਉਕਤ ਹਦਾਇਤਾਂ ਦੌਰਾਨ ਕੋਵਿਡ-19 ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾਉਣ, ਈ-ਪ੍ਰਾਸਪੈਕਟ, ਅਨਾਊਂਸਮੈਂਟ ਆਦਿ ਗਤੀਵਿਧੀਆਂ ’ਤੇ ਕੋਈ ਖਰਚਾ ਨਹੀਂ ਹੁੰਦਾ। ਜ਼ਿਲ੍ਹੇ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਖੁਦ ਨੁੱਕੜ ਨਾਟਕ ਕਰ ਲੈਂਦੇ ਹਨ ਇਸ ਲਈ ਅਜਿਹੀ ਗਤੀਵਿਧੀ ਵੀ ਬਿਲਕੁਲ ਮੁਫਤ ਵਿੱਚ ਕਰਵਾਈ ਜਾ ਸਕਦੀ ਹੈ। ਉਨ੍ਹਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਹੁਣ ਤੱਕ ਦੀ ਵਧੀਆ ਕਾਰਗੁਜ਼ਾਰੀ ਲਈ ਹੌਸਲਾ ਅਫਜ਼ਾਈ ਵੀ ਕੀਤੀ।