ਪੱਤਰ ਪ੍ਰੇਰਕ
ਰਾਏਕੋਟ, 12 ਦਸੰਬਰ
ਸ਼ਹਿਰ ਅੰਦਰ ਕਈ ਸਰਕਾਰੀ ਥਾਵਾਂ ’ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਆਪਣਾ ਕਾਰੋਬਾਰ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ ਅਤੇ ਕਈ ਲੋਕ ਧਰਮ ਦੀ ਆੜ ’ਚ ਸਰਕਾਰੀ ਥਾਵਾਂ ਨੂੰ ਆਪਣੇ ਕਬਜ਼ੇ ’ਚ ਕਰਨ ਦੀ ਵਿਉਂਤਬੰਦੀ ਵਿੱਚ ਲੱਗੇ ਹੋਏ ਹਨ ਪੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਸਥਾਨਕ ਤਹਿਸੀਲ ਕੰਪਲੈਕਸ ਨੂੰ ਜਾਂਦੀ ਸੜਕ ’ਤੇ, ਧਰਮ ਦੀ ਆੜ ’ਚ ਨਗਰ ਕੌਂਸਲ ਦੀ ਮਹੱਤਵਪੂਰਨ ਤੇ ਮਹਿੰਗੇ ਭਾਅ ਦੀ ਥਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਦੋ ਸਾਲ ਪਹਿਲਾਂ ਇਸੇ ਥਾਂ ਸਬੰਧੀ ਖਬਰਾਂ ਲੱਗਣ ’ਤੇ ਨਗਰ ਕੌਂਸਲ ਵੱਲੋਂ ਇਸ ਕਬਜ਼ੇ ਨੂੰ ਹਟਾਇਆ ਗਿਆ ਸੀ ਪ੍ਰੰਤੂ ਹੁਣ ਫਿਰ ਤੋਂ ਇਸ ਥਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ।
ਉਪਰੋਕਤ ਸੜਕ ’ਤੇ ਤਹਿਸੀਲ ਕੰਪਲੈਕਸ ਨਾਲ ਲੱਗਦੀ ਇਸ ਜਗ੍ਹਾ ’ਤੇ ਇਕ ਜੰਡ ਦਾ ਦਰੱਖਤ ਖੜ੍ਹਾ ਸੀ, ਸਭ ਤੋਂ ਪਹਿਲਾਂ ਕਿਸੇ ਨੇ ਇਸ ਦੁਆਲੇ ਲਾਲ ਕੱਪੜਾ ਬੰਨ੍ਹਣਾ ਸ਼ੁਰੂ ਕਰ ਦਿੱਤਾ, ਫੇਰ ਇਸ ਜਗ੍ਹਾ ਨੂੰ ਸਾਫ਼ ਕਰ ਕੇ ਇੱਟਾਂ ਰੱਖ ਦਿੱਤੀਆਂ। ਕੁਝ ਦੇਰ ਬਾਅਦ ਇਸ ਦੁਆਲੇ ਇੱਕ ਥੜਾ ਉਸਾਰ ਦਿੱਤਾ ਤੇ ਨਾਲ ਛੋਟੀਆਂ-ਮੋਟੀਆਂ ਹੋਰ ਉਸਾਰੀਆਂ ਕਰ ਕੇ ਦੀਵਾਂ ਆਦਿ ਜਗਾਇਆ ਜਾਣ ਲੱਗਾ ਹੈ। ਇਹ ਵੀ ਪਤਾ ਲੱਗਾ ਹੈ ਕਿ ਹੁਣ ਇਸ ਦੁਆਲੇ ਚਾਰਦਵਾਰੀ ਕਰਨ ਦੀ ਤਿਆਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਏਕੋਟ ਲਈ ਨਵੇਂ ਸਰਕਾਰੀ ਕਾਲਜ ਦੀ ਮਨਜ਼ੂਰੀ ਦਿੱਤੀ ਗਈ ਸੀ ਤੇ ਉਸ ਸਮੇਂ ਨਗਰ ਕੌਂਸਲ ਪਾਸੋਂ ਇਹ ਜਗ੍ਹਾ ਕਾਲਜ ਦੀ ਉਸਾਰੀ ਵਾਸਤੇ ਮੰਗੀ ਗਈ ਸੀ। ਕਈ ਕੌਂਸਲਰਾਂ ਨੇ ਇਹ ਜਗ੍ਹਾ ਕਾਲਜ ਨੂੰ ਦੇਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ ਕਿ ਨਗਰ ਕੌਂਸਲ ਦੀ ਇਹ ਥਾਂ ਵਪਾਰਕ ਤੇ ਬੇਸ਼ਕੀਮਤੀ ਹੈ ਪਰ ਨਾਜਾਇਜ਼ ਕਬਜ਼ਿਆਂ ਵੱਲ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨਾਜਾਇਜ਼ ਕਬਜ਼ੇ ਤੁਰੰਤ ਹਟਾਇਆ ਜਾਵੇਗਾ।