ਗਗਨਦੀਪ ਅਰੋੜਾ
ਲੁਧਿਆਣਾ, 24 ਅਕਤੂਬਰ
ਸਨਅਤੀ ਸ਼ਹਿਰ ਲੁਧਿਆਣਾ ’ਚ ਪਹਿਲੀ ਵਾਰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 27 ਅਕਤੂਬਰ ਨੂੰ ਲੁਧਿਆਣਾ ’ਚ ਜ਼ਿਲ੍ਹਾ ਪ੍ਰਸਾਸ਼ਨਿਕ ਕੰਪਲੈਕਸ ’ਚ ਸਥਿਤ ਬਚਤ ਭਵਨ ਵਿੱਚ ਹੋਵੇਗੀ। ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਪ੍ਰਸਾਸ਼ਨਿਕ ਕੰਪਲੈਕਸ ਨੂੰ ਚਮਕਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐਂਟਰੀ ਪੁਆਇੰਟ ਤੋਂ ਲੈ ਕੇ ਜ਼ਿਲ੍ਹਾ ਪ੍ਰਸਾਸ਼ਨਿਕ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਨੂੰ ਮੀਟਿੰਗ ਲਈ ਤਿਆਰ ਕੀਤਾ ਜਾ ਰਿਹਾ ਹੈ। ਮੀਟਿੰਗ ਬਚਤ ਭਵਨ ਵਿੱਚ ਹੋਵੇਗੀ, ਇਸ ਲਈ ਜ਼ਿਲ੍ਹਾ ਪ੍ਰਸਾਸ਼ਨ ਦੇ ਬਚਤ ਭਵਨ ਨੂੰ ਅੰਦਰੋਂ ਅਤੇ ਬਾਹਰੋਂ ਰੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹੀਂ ਨਹੀਂ ਬਚਤ ਭਵਨ ’ਚ ਕੁਝ ਨਵਾਂ ਫਰਨੀਚਰ ਵੀ ਲਾਇਆ ਜਾ ਰਿਹਾ ਹੈ। ਬਚਤ ਭਵਨ ਨੂੰ ਅਪਡੇਟ ਕਰਨ ਲਈ ਮੁਲਾਜ਼ਮਾਂ ਨੇ ਦਿਨ ਰਾਤ ਇੱਕ ਕਰ ਰੱਖਿਆ ਹੈ।
ਇੱਕ ਦਿਨ ਲਈ ਲੁਧਿਆਣਾ ਬਣੇਗਾ ਪੰਜਾਬ ਦੀ ਰਾਜਧਾਨੀ
ਇਸ ਤਰ੍ਹਾ ਲੁਧਿਆਣਾ ਇੱਕ ਦਿਨ ਲਈ ਪੰਜਾਬ ਦੀ ਰਾਜਧਾਨੀ ਬਣ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਮੀਟਿੰਗ ਦੀਆਂ ਤਿਆਰੀਆਂ ’ਚ ਲੱਗਿਆ ਹੋਇਆ ਹੈ। ਹਾਲਾਂਕਿ ਪ੍ਰਸ਼ਾਸਨਿਕ ਅਫ਼ਸਰ ਹਾਲੇ ਸਪੱਸ਼ਟ ਨਹੀਂ ਕਰ ਰਹੇ ਹਨ ਕਿ ਕੈਬਨਿਟ ਮੀਟਿੰਗ ਕਿੱਥੇ ਹੋਵੇਗੀ, ਪਰ ਅਫ਼ਸਰ ਬਚਤ ਭਵਨ ਨੂੰ ਮੀਟਿੰਗ ਲਈ ਤਿਆਰ ਕਰਵਾ ਰਹੇ ਹਨ। ਪ੍ਰਸਾਸ਼ਨ ਨੇ ਬਚਤ ਭਵਨ ਦੇ ਗੇਟ ਤੱਕ ਸੜਕ ਨੂੰ ਡਬਲ ਲੇਨ ਬਣਾ ਦਿੱਤਾ ਹੈ। ਰੋਡ ’ਤੇ ਪੇਂਟ ਨਾਲ ਮਾਰਕਿੰਗ ਵੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੀਟਿੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲੀਸ ਪ੍ਰਸਾਸ਼ਨ ਚੌਕਸ ਨਜ਼ਰ ਆ ਰਿਹਾ ਹੈ।