ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਜੂਨ
ਐੱਸ.ਡੀ.ਐੱਮ ਮਨਜੀਤ ਕੌਰ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਖੰਨਾ ਅਧੀਨ ਪੈਂਦੇ ਰਜਵਾਹਿਆਂ/ਮਾਈਨਰਾਂ ਜਿਨ੍ਹਾਂ ਦਾ ਅਧਿਕਾਰ ਖੇਤਰ ਭਾਖੜਾ ਮੇਨ ਲਾਈਨ, ਮੰਡਲ ਦੇ ਸਮਰਾਲਾ ਉਪ ਮੰਡਲ ਖਮਾਣੋਂ ਅਧੀਨ ਹੈ, ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਪ ਮੰਡਲ ਦੇ ਅਧਿਕਾਰ ਖੇਤਰ ਅਧੀਨ ਖੰਨਾ ਤਹਿਸੀਲ ਵਿਚ 6 ਰਜਵਾਹੇ/ਮਾਈਨਰ ਖੰਨਾ ਰਜਬਾਹਾ, ਬੀੜ ਕਿਸ਼ਨ, ਨਰਾਇਣਗੜ੍ਹ, ਲਲਹੇੜੀ, ਕੋਟਲਾ ਤੇ ਪਾਇਲ ਦੇ ਮਾਈਨਰ ਆਉਂਦੇ ਹਨ। ਇਨ੍ਹਾਂ ਰਾਹੀਂ ਖੰਨਾ ਤਹਿਸੀਲ ਦੇ ਪਿੰਡਾਂ ਵਿਚ ਨਹਿਰੀ ਪਾਣੀ ਦੀ ਸਿੰਜਾਈ ਸਹੂਲਤ ਪ੍ਰਦਾਨ ਹੁੰਦੀ ਹੈ। ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪਾਣੀ ਛੱਡਣ ਤੋਂ ਪਹਿਲਾ ਇਨ੍ਹਾਂ ਰਜਵਾਹਿਆਂ/ਮਾਈਨਰਾਂ ਦੀ ਅੰਦਰੂਨੀ ਸਫਾਈ ਦਾ ਕੰਮ ਮਗਨਰੇਗਾ ਅਧੀਨ ਕਰਵਾਇਆ ਗਿਆ। ਉਪਰੰਤ ਪੰਜਾਬ ਵੱਲੋਂ ਝੋਨਾ ਲਾਉਣ ਸਬੰਧੀ ਜਾਰੀ ਨਿਰਦੇਸ਼ਾਂ ਤਹਿਤ ਪਾਣੀ ਛੱਡ ਦਿੱਤਾ ਗਿਆ। ਉਪ ਮੰਡਲ ਮੈਜਿਸਟ੍ਰੇਟ ਮਨਜੀਤ ਕੌਰ ਨੇ ਖੰਨਾ ਰਜਬਾਹਾ, ਬੀੜ ਕਿਸ਼ਨ ਮਾਈਨਰ ਤੇ ਨਰਾਇਣਗੜ੍ਹ ਦਾ ਨਿਰੀਖਣ ਕੀਤਾ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।