ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਅਕਤੂਬਰ
ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਹੁਣ ਤੱਕ 84.48.507 ਮੀਟਰਕ ਟਨ ਝੋਨਾ ਆਇਆ ਅਤੇ ਇਸ ਝੋਨੇ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ 81.80.888 ਮੀਟਰਕ ਟਨ ਝੋਨੇ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 11531 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਹ ਗੱਲ ਅੱਜ ਇਥੇ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਂਦਿਆਂ ਕਹੀ। ਉਨ੍ਹਾਂ ਕਿਹਾ ਕਿ ਖਰੀਦੇ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 48 ਘੰਟਿਆਂ ਵਿਚ ਕੀਤੀ ਜਾ ਰਹੀ ਹੈ। ਸ੍ਰੀ ਅਗਰਵਾਲ ਪਿੰਡ ਲਬਿੜਾ ਦੇ ਅਗਾਂਹਵਧੂੁ ਕਿਸਾਨਾਂ ਦੇ ਖੇਤਾਂ ਵਿਚ ਗਏ ਅਤੇ ਜਾ ਕੇ ਦੇਖਿਆ ਕਿ ਇਹ ਕਿਸਾਨ ਦੂਜੇ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹਨ ਜੋ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਫਸਲਾਂ ਦੀ ਕਾਸ਼ਤ ਕਰ ਰਹੇ ਹਨ। ਇਸ ਉਪਰੰਤ ਉਨ੍ਹਾਂ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਫਾਰਗ ਗੈਸ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ, ਜਿੱਥੇ ਝੋਨੇ ਦੀ ਪਰਾਲੀ ਤੋਂ ਬਾਇਓ ਸੀਐਨਜੀ ਤਿਆਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਗੈਸ ਪਲਾਂਟ ਨੂੰ ਚਲਾਉਣ ਲਈ ਰੋਜ਼ਾਨਾ 102.5 ਮੀਟਰਕ ਟਨ ਪ੍ਰਤੀ ਦਿਨ ਪਰਾਲੀ ਦੀ ਖਪਤ ਹੋਵੇਗੀ ਅਤੇ ਇਸ ਤੋਂ ਤਿਆਰ ਸੀਐੱਨਜੀ ਗੱਡੀਆਂ ਲਈ ਵਰਤੀ ਜਾਵੇਗੀ। ਇਸ ਮੌਕੇ ਡੀਸੀ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਸਡੀਐਮ ਮਨਜੀਤ ਕੌਰ ਹਾਜ਼ਰ ਸਨ।