ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 13 ਫਰਵਰੀ
ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਕਰੀਬ ਇੱਕ ਦਰਜਨ ਇਸਲਾਮਿਕ ਸੰਗਠਨਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਹਿਜਾਬ ਮਾਰਚ ਕੱਢਕੇ ਚਿਤਾਵਨੀ ਦਿੱਤੀ ਹੈ ਕਿ ਉਹ ਕੁਝ ਕੱਟੜ ਹਿੰਦੂ ਸੰਗਠਨਾਂ ਵੱਲੋਂ ਘੱਟ ਗਿਣਤੀ ਫ਼ਿਰਕਿਆਂ ਦੀ ਧਾਰਮਿਕ ਆਜ਼ਾਦੀ ’ਤੇ ਕੀਤੇ ਜਾ ਰਹੇ ਹਮਲੇ ਬਰਦਾਸ਼ਤ ਨਹੀਂ ਕਰਨਗੇ। ਇਸ ਮਾਰਚ ਦੌਰਾਨ ਮੁਸਲਿਮ ਮਹਿਲਾਵਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਮਰਦਾਂ ਤੇ ਬੱਚਿਆਂ ਨੇ ਵੀ ਹਿੱਸਾ ਲਿਆ।
ਦਹਿਲੀਜ, ਕੰਗਣਵਾਲ, ਰੋਹੀੜਾ, ਰਸੂਲਪੁਰ, ਅਕਬਰਪੁਰ ਛੰਨਾ ਪਿੰਡਾਂ ਅਤੇ ਸਥਾਨਕ ਸ਼ਹਿਰ ਦੇ ਇਸਲਾਮਿਕ ਸੰਗਠਨਾਂ ਦੇ ਅਹੁਦੇਦਾਰਾਂ ਨੇ ਮੁਫ਼ਤੀ ਜਿਆ ਉਲ ਇਸਲਾਮ, ਕਾਰੀ ਫੁਰਕਾਨ, ਜਿਸ਼ਾਨ ਹੈਦਰ, ਮੁਹੰਮਦ ਜਾਵੇਦ, ਮੁਹੰਮਦ ਕਾਸਿਮ ਅਤੇ ਮੁਹੰਮਦ ਉਸਮਾਨ ਦੀ ਅਗਵਾਈ ਵਿੱਚ ਕੱਢੇ ਗਏ ਮਾਰਚ ਵੇਲੇ ਸਮੂਹ ਬੁਲਾਰਿਆਂ ਨੇ ਕਰਨਾਟਕ ਦੀ ਇੱਕ ਮੁਸਲਿਮ ਵਿਦਿਆਰਥਣ ਉੱਪਰ ਹਿਜਾਬ ਪਾਉਣ ਕਰਕੇ ਹਿੰਦੂ ਕੱਟੜਪੰਥੀ ਸੰਗਠਨਾਂ ਦੇ ਕਾਰਕੁਨਾਂ ਵੱਲੋਂ ਕੀਤੇ ਗਏ ਹਮਲੇ ਨੂੰ ਦੇਸ਼ ਦੇ ਸੰਵਿਧਾਨ, ਧਾਰਮਿਕ ਨਿਰਪੱਖਤਾ ਤੇ ਪ੍ਰਭੂਸੱਤਾ ’ਤੇ ਹਮਲਾ ਗਰਦਾਨਦਿਆਂ ਧਰਮ ਨਿਰਪੱਖ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਸਿਆਸੀ ਭੇਦਭਾਵ ਦੇ ਰਹਿਣ ਸਹਿਣ, ਖਾਣ ਪੀਣ ਤੇ ਪਹਿਰਾਵਿਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦਾ ਵਿਰੋਧ ਕਰਨ ਅਤੇ ਪੀੜਤਾ ਦੇ ਹੱਕ ਵਿੱਚ ਖੜ੍ਹਨ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਹੋਰ ਫ਼ਿਰਕਿਆਂ ਵਾਂਗ ਪਰਦਾ ਕਰਨਾ, ਬੁਰਕਾ ਤੇ ਹਿਜਾਬ ਪਹਿਨਣਾ ਮੁਸਲਿਮ ਮਹਿਲਾਵਾਂ ਤੇ ਵਿਦਿਆਰਣਾਂ ਦਾ ਸੰਵਿਧਾਨਕ, ਬੁਨਿਆਦੀ ਅਤੇ ਧਾਰਮਿਕ ਅਧਿਕਾਰ ਹੈ। ਭਾਵੇਂ ਇਹ ਰੋਸ ਮਾਰਚ ਚੋਣਾਂ ਦੇ ਐਨ ਇੱਕ ਹਫ਼ਤਾ ਪਹਿਲਾਂ ਕੱਢਿਆ ਗਿਆ ਪਰ ਪ੍ਰਬੰਧਕਾਂ ਵੱਲੋਂ ਕਿਸੇ ਵੀ ਵਿਅਕਤੀ ਨੂੰ ਇਸ ਵਿੱਚ ਸ਼ਿਰਕਤ ਕਰ ਕੇ ਕੋਈ ਸਿਆਸੀ ਲਾਹਾ ਨਹੀਂ ਲੈਣ ਦਿੱਤਾ ਗਿਆ।