ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
‘ਦੋ ਘੁੱਟ ਪਿਆ ਦੇ ਸਾਥੀਆ’ ਗਾਣੇ ’ਤੇ ਸ਼ਰਾਬ ਦੀ ਬੋਤਲ ਲੈ ਕੇ ਨੱਚਣ ਵਾਲੇ ਹੁਣ ਸਾਵਧਾਨ ਰਹਿਣ। ਜੇਕਰ ਵਿਆਹਾਂ ’ਚ ਹੁਣ ਅਜਿਹੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਚਲਾਏ ਤਾਂ ਪੁਲੀਸ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਹ ਹੁਕਮ ਨਵੇਂ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕਿਸੇ ਸਮਾਗਮ ’ਚ ਵੀ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਨਹੀਂ ਵੱਜਣਗੇ। ਇਸ ਤੋਂ ਇਲਾਵਾ ਪੁਲੀਸ ਕਮਿਸ਼ਨਰ ਨੇ ਵਿਆਹ ਸਮਾਗਮਾਂ ’ਚ ਖੁੱਲ੍ਹੇਆਮ ਲਾਇਸੈਂਸੀ ਪਿਸਤੌਲ ਲਿਜਾਣ ਤੇ ਉਸਦੀ ਵਰਤੋਂ ਕਰਨ ਵਾਲਿਆਂ ’ਤੇ ਵੀ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਨਵੇਂ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਕੁਝ ਲੋਕ ਵਿਆਹ ਸਮਾਗਮਾਂ ਅਤੇ ਕਿਸੇ ਹੋਰ ਸਮਾਗਮ ’ਚ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਵਜਾਉਂਦੇ ਹਨ ਤੇ ਉਸ ’ਤੇ ਭੰਗੜਾ ਪਾਉਂਦੇ ਹਨ। ਜੇਕਰ ਹੁਣ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਵੱਜੇ ਤਾਂ ਪੁਲੀਸ ਬਰਦਾਸ਼ਤ ਨਹੀਂ ਕਰੇਗੀ। ਜੇਕਰ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਪੁਲੀਸ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲੀਸ ਕਮਿਸ਼ਨਰ ਨੇ ਹੁਕਮਾਂ ’ਚ ਪੈਟਰੋਲ ਪੰਪ, ਹੋਟਲਾਂ ਤੇ ਮੈਰਿਜ ਪੈਲਸਾਂ ਵਿੱਚ 30 ਦਿਨਾਂ ਦੇ ਅੰਦਰ-ਅੰਦਰ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਹੈ। ਏਟੀਐੱਮ ਮਸ਼ੀਨਾਂ ’ਤੇ ਵੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸੁਰੱਖਿਆ ਕਰਮੀ ਤੈਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸੇ ਤਰ੍ਹਾਂ ਹੀ ਰੈਸਤਰਾਂ ਰਾਤ ਸਾਢੇ 11 ਵਜੇ ਤੱਕ ਖੁੱਲ੍ਹਣਗੇ ਅਤੇ ਸ਼ਰਾਬ ਦੇ ਠੇਕੇ 11 ਵਜੇ ਤੱਕ। ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪਾਰਕਿੰਗ ਠੇਕੇਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਰ ਆਉਣ-ਜਾਣ ਵਾਲੇ ਵਾਹਨ ਦੀ ਪੂਰੀ ਜਾਣਕਾਰੀ ਰੱਖੀ ਜਾਵੇ, ਜਿਸ ਲਈ ਇੱਕ ਰਜਿਸਟਰ ਬਣਾਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਤੇਜ਼ਾਬ ਦੀ ਸ਼ਰੇਆਮ ਵਿਕਰੀ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਦੀ ਮੰਗੂਰ ਮੱਛੀ ਵੇਚਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।