ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਗਸਤ
ਸਨਅਤੀ ਸ਼ਹਿਰ ਦੇ ਇਲਾਕੇ ’ਚ ਦੇਰ ਰਾਤ ਤੱਕ ਠੇਕੇ ਖੁੱਲ੍ਹੇ ਹੋਣ ’ਤੇ ਸ਼ਰਾਬੀਆਂ ਵੱਲੋਂ ਉਥੋਂ ਲੰਘਦੀਆਂ ਔਰਤਾਂ ਦੇ ਨਾਲ ਬੁਰਾ ਵਿਵਹਾਰ ਕਰਨ ਦੇ ਮਾਮਲੇ ’ਚ ਬੁੱਧਵਾਰ ਦੀ ਦੇਰ ਰਾਤ ਨੂੰ ਜੁਆਇੰਟ ਪੁਲੀਸ ਕਮਿਸ਼ਨਰ ਦਿਹਾਤੀ ਡਾਕਟਰ ਸਚਿਨ ਗੁਪਤਾ ਨੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਕਰਨ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਤੱਕ ਖੁੱਲ੍ਹੇ ਠੇਕੇ ਬੰਦ ਕਰਵਾਏ ਅਤੇ ਕਰਿੰਦਿਆਂ ਦੇ ਨਾਲ ਨਾਲ ਠੇਕੇਦਾਰਾਂ ’ਤੇ ਵੀ ਕੇਸ ਦਰਜ ਕਰਵਾਇਆ। ਇਸ ਦੇ ਨਾਲ ਹੀ ਥਾਣਾ ਜਮਾਲਪੁਰ ਦੇ ਅਧੀਨ ਆਉਂਦੇ ਇਲਾਕੇ ’ਚ ਠੇਕਾ ਖੁੱਲ੍ਹਾ ਸੀ। ਥਾਣਾ ਇੰਚਾਰਜ ਨੂੰ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਸਨ। ਥਾਣਾ ਇੰਚਾਰਜ ਨੂੰ ਕਾਰਵਾਈ ਨਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਸ ਦੌਰਾਨ ਜੁਆਇੰਟ ਪੁਲੀਸ ਕਮਿਸ਼ਨਰ ਨੇ ਮੌਕੇ ’ਤੇ ਪੰਜ ਮੁਲਾਜ਼ਮਾਂ ਨੂੰ ਕਾਬੂ ਕਰਵਾਇਆ। ਜੇਸੀਪੀ ਗੁਪਤਾ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਹ ਥਾਣਾ ਮੋਤੀ ਨਗਰ ਇਲਾਕੇ ’ਚ ਪੁੱਜੇ ਸਨ। ਉਥੇਂ ਇੱਕ ਠੇਕਾ ਖੁੱਲ੍ਹਾ ਸੀ। ਉਥੇਂ ਇੱਕ ਔਰਤ ਨਾਲ ਬਦਤਮੀਜੀ ਕੀਤੀ ਜਾ ਰਹੀ ਸੀ। ਮੌਕੇ ’ਤੇ ਡਿਊਟੀ ਅਫ਼ਸਰ ਨੂੰ ਬੁਲਾ ਕੇ ਉਸਦੇ ਖਿਲਾਫ਼ ਐਫ਼ਆਈਆਰ ਦਰਜ ਕਰਵਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਡਿਵੀਜ਼ਨ ਨੰ. 7 ਦੇ ਇਲਾਕੇ ’ਚ ਵੀ ਉਸੇ ਤਰ੍ਹਾਂ ਹੀ ਠੇਕਾ ਖੁੱਲ੍ਹਾ ਮਿਲਿਆ। ਥਾਣਾ ਜਮਾਲਪੁਰ ’ਚ ਵੀ ਠੇਕਾ ਖੁੱਲ੍ਹਾ ਪਾਏ ਜਾਣ ’ਤੇ ਐੱਸ.ਐੱਚ.ਓ.ਨੂੰ ਕਾਰਵਾਈ ਲਈ ਕਿਹਾ ਗਿਆ।