ਸਤਵਿੰਦਰ ਬਸਰਾ
ਲੁਧਿਆਣਾ, 6 ਮਾਰਚ
ਸਨਅਤੀ ਸ਼ਹਿਰ ਵਿੱਚ ਸਾਫ਼ ਅਤੇ ਸ਼ੁੱਧ ਵਾਤਾਵਰਨ ਰੱਖਣ ਦੀ ਮੰਗ ਨੂੰ ਲੈ ਕੇ ਸਤਲੁਜ-ਮੱਤੇਵਾੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਸ਼ੁਰੂ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਇਸ ਦੇ ਨੁਮਾਇੰਦਿਆਂ ਵੱਲੋਂ ਹੈਬੋਵਾਲ ਇਲਾਕੇ ਵਿੱਚ ਪੈਂਦੇ ਡੰਪ ’ਤੇ ਫੋਟੋਆਂ ਖਿਚਵਾਈਆਂ ਗਈਆਂ। ਕਮੇਟੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਸ ਦੇ ਨੇੜੇ ਦੋ-ਦੋ ਕੰਪੈਕਟਰ ਲੱਗੇ ਹੋਣ ਦੇ ਬਾਵਜੂਦ ਕੂੜਾ ਖੁੱਲ੍ਹੇ ਵਿੱਚ ਸੁੱਟਿਆ ਜਾ ਰਿਹਾ ਹੈ।
ਐਕਸ਼ਨ ਕਮੇਟੀ ਦੇ ਨੁਮਾਇੰਦੇ ਕਪਿਲ ਅਰੋੜਾ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਕੂੜੇ ਦੇ ਢੇਰ ਲਗਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਭਾਵੇਂ ਕਈ ਥਾਵਾਂ ’ਤੇ ਕੂੜੇ ਦੇ ਪ੍ਰਬੰਧ ਲਈ ਕੰਪੈਕਟਰ ਵੀ ਲਾਏ ਗਏ ਹਨ ਪਰ ਫਿਰ ਵੀ ਹੈਬੋਵਾਲ ਪਾਸੇ ਬੁੱਢੇ ਨਾਲੇ ਦੇ ਨੇੜੇ ਕੂੜੇ ਦੇ ਢੇਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਆਮ ਵਿਅਕਤੀ ’ਤੇ ਬੁੱਢੇ ਨਾਲੇ ਵਿੱਚ ਕੂੜਾ ਸੁੱਟਣ ’ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਸ ਡੰਪ ਰਾਹੀਂ ਟਨਾਂ ਦੇ ਹਿਸਾਬ ਨਾਲ ਕੂੜਾ ਬੁੱਢੇ ਨਾਲੇ ਵਿੱਚ ਡਿੱਗ ਰਿਹਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਰਿਸ਼ੀ ਨਗਰ ਅਤੇ ਰਾਮ ਸ਼ਰਨਮ ਆਸ਼ਰਮ ਨੇੜੇ ਕੰਪੈਕਟਰ ਵੀ ਲੱਗੇ ਹੋਏ ਹਨ ਪਰ ਫਿਰ ਵੀ ਕੂੜਾ ਖੁੱਲ੍ਹੇ ਵਿੱਚ ਸੁੱਟਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਗਿੱਲ ਚੌਂਕ ਅਤੇ ਪੱਖੋਵਾਲ ਰੋਡ ’ਤੇ ਅਜਿਹੀ ਮੁਹਿੰਮ ਚਲਾਈ ਸੀ ਜਿੱਥੇ ਹੁਣ ਸਫ਼ਾਈ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਖੁੱਲ੍ਹੇ ਵਿੱਚ ਕੂੜਾ ਸੁੱਟਣਾ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ। ਇਸ ਡੰਪ ਦੇ ਨੇੜੇ ਹੀ ਟਰਾਲੀਆਂ ਲਗਾਉਂਦੇ ਲੋਕਾਂ ਨੇ ਵੀ ਕੂੜਾ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਕੁਲਦੀਪ ਸਿੰਘ ਖਹਿਰਾ, ਮੋਹਿਤ ਸੱਘਰ, ਗੁਰਪ੍ਰੀਤ ਸਿੰਘ ਅਤੇ ਮੋਹਿੰਦਰ ਸਿੰਘ ਸੇਖੋਂ ਵੀ ਹਾਜ਼ਰ ਸਨ।
ਕੂੜਾ ਰੋਜ਼ਾਨਾ ਚੁੱਕਿਆ ਜਾਂਦੈ: ਅਧਿਕਾਰੀ
ਨਿਗਰ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਵਿਪੁਲ ਮਲੋਹਤਰਾ ਨੇ ਕਿਹਾ ਕਿ ਵਿਭਾਗ ਵੱਲੋਂ ਰੋਜ਼ਾਨਾ ਕੂੜਾ ਚੁੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਸੇਵੀ ਸੰਸਥਾ ਦੇ ਲੋਕ ਕੂੜੇ ਕੋਲ ਫੋਟੋ ਖਿਚਵਾਉਂਦੇ ਹਨ, ਉਸ ਦੌਰਾਨ ਮਸ਼ੀਨਾਂ ਰਾਹੀਂ ਕੂੜਾ ਚੁੱਕਿਆ ਜਾ ਰਿਹਾ ਹੁੰਦਾ ਹੈ ਅਤੇ ਇਹ ਕੰਮ ਰੋਜ਼ਾਨਾ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਜ਼ਿਲ੍ਹੇ ਵਿੱਚ 43 ਵਿੱਚੋਂ 8 ਕੰਪੈਕਟਰ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜੇ ਨੂੰ ਵੱਖਰਾ-ਵੱਖਰਾ ਕਰਨ ਵਿੱਚ ਦਿਕਤ ਆਉਂਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਲੋਕ ਪ੍ਰਸ਼ਾਸਨ ਨੂੰ ਬਣਦਾ ਸਹਿਯੋਗ ਦੇਣ।