ਪੱਤਰ ਪ੍ਰੇਰਕ
ਜਗਰਾਉਂ, 6 ਫਰਵਰੀ
ਵਿਧਾਨ ਸਭਾ ਹਲਕਾ (ਜਗਰਾਉਂ) ਦੇ ਰਿਟਰਨਿੰਗ ਅਫਸਰ ਕਮ-ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਹਲਕੇ ’ਚ ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਵੱਲੋਂ ਪ੍ਰਚਾਰ ਕਰ ਰਹੀਆਂ ਵੈਨਾ ਦਾ ਨਿਰੀਖਣ ਕੀਤਾ ਗਿਆ।
ਇਸ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ ਬਿਨਾ ਆਗਿਆ ਪ੍ਰਾਪਤ ਹਲਕੇ ਦੇ ਪਿੰਡਾਂ ’ਚ ਚੋਣ ਪ੍ਰਚਾਰ ਕਰ ਰਹੀਆਂ ਵੈਨਾਂ ਨੂੰ ਜ਼ਬਤ ਕੀਤਾ ਲਿਆ ਗਿਆ। ਵਿਕਾਸ ਹੀਰਾ ਨੇ ਦੱਸਿਆ ਕਿ ਫੜੇ ਗਏ ਵਾਹਨਾਂ ਵਿੱਚੋਂ ਕਈਆਂ ਕੋਲ ਪ੍ਰਸ਼ਾਸਨ ਦੀ ਆਗਿਆ ਵਾਲਾ ਪੱਤਰ ਮੌਜੂਦ ਨਹੀਂ ਸੀ। ਕੁੱਝ ਕੁ ਨੇ ਵਿਭਾਗ ਕੋਲ ਅਜੇ ਅਪਲਾਈ ਕੀਤਾ ਹੋਇਆ ਹੈ ਤੇ ਪੱਤਰ ਮਿਲਣ ਤੋਂ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਆਗਿਆ ਪੱਤਰ ਜਾਂ ਅਪਲਾਈ ਰਸੀਦ ਦਿਖਾ ਦਿੱਤੀ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਜਿਨ੍ਹਾਂ ਕੋਲ ਕੁੱਝ ਵੀ ਨਹੀਂ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਅਮਲ ਵਿਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਚੋਣ ਮੁਹਿੰਮ ਆਰੰਭੀ ਜਾਵੇ। ਹਦਾਇਤਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਆਉਂਦੇ ਦਿਨਾਂ ’ਚ ਹੋਰ ਸਖ਼ਤੀ ਕੀਤੀ ਜਾਵੇਗੀ।