ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਮਾਰਚ
ਸਿੱਧਵਾਂ ਬੇਟ ਰਹਿੰਦੇ ਇੱਕ ਕਲਯੁਗੀ ਬਾਪ, ਉਸਦੀ ਦੂਸਰੀ ਪਤਨੀ, ਪੁੱਤਰ ਅਤੇ ਚਾਰ ਹੋਰ ਨੇੜਲਿਆਂ ਖਿਲ਼ਾਫ਼ 15 ਸਾਲਾ ਲੜਕੀ ਨੂੰ ਦੇਹ ਵਪਾਰ ’ਚ ਧਕੇਲਣ ਖ਼ਿਲਾਫ਼ ਥਾਣਾ ਸ਼ਹਿਰੀ ਦੀ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਦਾ ਖੁਲਾਸਾ ਕਰਦਿਆਂ ਪੀੜਤ ਲੜਕੀ ਦੀ ਮਾਂ ਸੁਰਿੰਦਰ ਕੌਰ ਨੇ ਦੱਸਿਆ ਕਿ 20 ਵਰ੍ਹੇ ਪਹਿਲਾਂ ਉਸਦਾ ਵਿਆਹ ਗੁਰਪ੍ਰੀਤ ਸਿੰਘ ਵਾਸੀ ਪੁਦੀਨਾ ਫੈਕਟਰੀ ਨਾਲ ਹੋਇਆ। ਉਸਦੇ ਦੋ ਬੱਚੇ ਬੇਟਾ ਅਤੇ ਬੇਟੀ ਹੈ। ਪਿਛਲੇ 8 ਕੁ ਵਰ੍ਹਿਆਂ ਤੋਂ ਉਹ ਦੋਵੇਂ ਅਲੱਗ ਹੋ ਗਏ ਤੇ ਉਨ੍ਹਾਂ ਦੋਵਾਂ ਨੇ ਹੋਰ ਵਿਆਹ ਕਰਵਾ ਲਏ। ਉਸਨੇ ਦੱਸਿਆ ਕਰੋਨਾ ਮਹਾਮਾਰੀ ਦੇ ਦਿਨਾਂ ਦੌਰਾਨ ਗੁਰਪ੍ਰੀਤ ਉਸਦੀ ਬੇਟੀ ਨੂੰ ਆਪਣੇ ਨਾਲ ਲੈ ਗਿਆ। ਕੁਝ ਦਿਨਾਂ ਬਾਅਦ ਉਸਦੀ ਲੜਕੀ ਦਾ ਅਣਪਛਾਤੇ ਨੰਬਰ ਤੋਂ ਫੋਨ ਆਇਆ ਤੇ ਉਸਨੇ ਰੌਂਦੀ ਹੋਈ ਨੇ ਦੱਸਿਆ ਕਿ ਉਸਤੋਂ ਡੈਡੀ, ਪਿੰਕੀ ਮੰਮੀ, ਵੀਰਾ ਅਕਾਸ ਅਤੇ ਪੂਜਾ ਭਾਬੀ ਗਲਤ ਕੰਮ ਕਰਵਾਉਂਦੇ ਹਨ। ਪੀੜਤ ਲੜਕੀ ਨੇ ਮਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਨੂੰ ਕਿਸੇ ਖੇਤ ਦੀ ਮੋਟਰ ’ਤੇ ਛੱਡ ਦਿੱਤਾ ਉੱਥੇ ਵੀ ਉਸਦੇ ਨਾਲ ਜਬਰਦਸਤੀ ਕੀਤੀ ਗਈ। ਹੁਣ ਉਹ ਰੋਸ਼ਨ ਉਰਫ ਰਘੂ ਨਾਂ ਵਿਅਕਤੀ ਕੋਲ ਹੈ।
ਇਹ ਸਾਰਾ ਮਾਮਲਾ ਜਦੋਂ ਜਗਰਾਉਂ ਪੁਲੀਸ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਕੋਠੇ ਸ਼ੇਰਜੰਗ ਕਿਸੇ ਕੋਠੀ ਕੋਲੋਂ ਲੜਕੀ ਨੂੰ ਬਰਾਮਦ ਕਰ ਮਾਂ ਦੇ ਹਵਾਲੇ ਕੀਤਾ। ਪੁਲੀਸ ਨੇ ਪੀੜਤ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ, ਪਤਨੀ ਪਿੰਕੀ, ਪੁੱਤਰ ਅਕਾਸ਼, ਨੂੰਹ ਪੂਜਾ, ਰੋਸ਼ਨ ਉਰਫ ਰਘੂ (ਬਿਹਾਰੀ) ਹਾਲ ਵਾਸੀ ਕੋਠੇ ਸ਼ੇਰਜੰਗ(ਜਗਰਾਉਂ) ਅਤੇ ਇੱਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਛਾਪੇ ਮਾਰੇ, ਰਘੂ ਪੁਲੀਸ ਦੇ ਹੱਥ ਲੱਗ ਗਿਆ ਹੈ ਬਾਕੀਆਂ ਦੀ ਗ੍ਰਿਫ਼ਤਾਰੀ ਨਹੀਂ ਹੋਈ।