ਪੱਤਰ ਪ੍ਰੇਰਕ
ਜਗਰਾਉਂ, 13 ਸਤੰਬਰ
ਸਿਵਲ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਇੱਥੇ ਸ਼ਹਿਰ ਲੋਕਾਂ ਵੱਲੋਂ ਸੜਕਾਂ ਅਤੇ ਜਨਤਕ ਥਾਂਵਾ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਅੱਜ ਬਾਅਦ ਦੁਪਹਿਰ ਸਾਂਝੀ ਕਾਰਵਾਈ ਕੀਤੀ ਗਈ। ਇਸ ਮੁਹਿੰਮ ਦਾ ਆਗਾਜ਼ ਕਰਦਿਆਂ ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਨੇ ਆਖਿਆ ਕਿ ਆਵਾਜਾਈ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਕਬਜ਼ਾਕਾਰਾਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਪੁਲ ਹੇਠਾਂ ਲੋਕਾਂ ਨੇ ਰੇਹੜੀਆਂ, ਆਟੋ ਰਿਕਸ਼ੇ ਲਗਾ ਕੇ ਸਾਰਾ ਪੁਲ ਰੋਕ ਲਿਆ ਸੀ। ਇਸ ਕਾਰਨ ਆਉਣ ਜਾਣ ਦੀ ਸਮੱਸਿਆਂ ਦੇ ਨਾਲ-ਨਾਲ ਹਾਦਸਿਆਂ ’ਚ ਵਾਧਾ ਦਰਜ ਕੀਤਾ ਗਿਆ ਸੀ। ਪ੍ਰਸ਼ਾਸਨ ਅਤੇ ਪੁਲੀਸ ਬਿਹਤਰ ਨਿਗਰਾਨੀ ਦੇ ਨਾਲ ਨਿਯਮਤ ਅਭਿਆਸ ਜ਼ਾਰੀ ਰੱਖੇਗੀ, ਕਿਸੇ ਨੂੰ ਵੀ ਸੜਕਾਂ ਮੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਨਾਜਾਇਜ਼ ਕਬਜ਼ਾ ਕਰੀ ਬੈਠੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਅੱਜ ਤੋਂ ਬਾਅਦ ਕਿਸੇ ਵੀ ਕਬਜ਼ਾਕਾਰੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ, ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਰੇਹੜੀਆਂ ਵਾਲਿਆਂ ਨੂੰ ਮੌਕੇ ’ਤੇ ਹੀ ਹਟਾਉਣ ਦੀ ਕਾਰਵਾਈ ਕੀਤੀ। ਮੌਕੇ ’ਤੇ ਹਾਜ਼ਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਆਉਂਦੇ ਦਿਨਾਂ ’ਚ ਯਾਤਰੀਆਂ ਦੀ ਸਹੂਲਤ ਲਈ ਜ਼ੈਬਰਾ ਲਾਈਨਾਂ, ਪਾਰਕਿੰਗ ਲਾਈਨਾ ਲਗਾਈਆਂ ਜਾਣਗੀਆਂ ਅਤੇ ਟਰੈਫਿਕ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਟਰੈਫਿਕ ਸੰਕੇਤ ਵੀ ਲਗਾਏ ਜਾਣਗੇ।