ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 7 ਜੁਲਾਈ
ਸ਼ਹਿਰ ਵਾਸੀ ਰਾਜਨ ਵਰਮਾ ਨੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਰਾਹੀਂ ਸਹੁਰੇ ਪਰਿਵਾਰ ’ਤੇ ਅਗਵਾ ਕਰ ਕੇ ਤਸ਼ੱਦਦ ਢਾਹੁਣ ਦੇ ਦੋਸ਼ ਲਗਾਏ ਹਨ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਤਲਾਕ ਦਿੱਤਾ ਸੀ।
ਉਸ ਨੇ ਦੱਸਿਆ ਕਿ ਪਿਛਲੇ ਸਾਲ 18 ਅਕਤੂਬਰ ਨੂੰ ਉਸ ਨੂੰ ਉਸ ਦੇ ਪੁੱਤਰ ਦੀ ਆਵਾਜ਼ ਵਿਚ ਫੋਨ ਕਰ ਕੇ ਬਾਹਰ ਬੁਲਾਇਆ ਗਿਆ ਜਿੱਥੋਂ ਕੁੱਝ ਅਣਪਛਾਤੇ ਨੌਜਵਾਨਾਂ ਨੇ ਰਾਜਨ ਨੂੰ ਅਗਵਾ ਕਰ ਲਿਆ। ਉਸ ਨੇ ਦੱਸਿਆ ਉਸ ਨੂੰ ਰੱਸੀਆਂ ਨਾਲ ਬੰਨ੍ਹ ਲਿਆ ਤੇ ਕਾਰ ’ਚ ਸੁੱਟ ਕੇ ਉਸ ਦੇ ਟੀਕਾ ਲਗਾ ਬੇਹੋਸ਼ ਕਰ ਦਿੱਤਾ। ਜਦੋਂ ਹੋਸ਼ ਆਈ ਤਾਂ ਉਹ ਮੌੜ ਮੰਡੀ ਨਸ਼ਾ ਦੇ ਛੁਡਾਊ ਕੇਂਦਰ ਵਿਚ ਸੀ। ਉਸ ਨੇ ਦੱਸਿਆ ਕਿ ਉਸ ਤੋਂ ਉੱਥੇ ਸਾਰੀ ਸਫ਼ਾਈ ਕਰਵਾਈ ਜਾਂਦੀ ਤੇ ਗ਼ਲਤੀ ਹੋਣ ’ਤੇ ਕੁੱਟਿਆ ਜਾਂਦਾ ਸੀ। ਕਰੀਬ 4 ਮਹੀਨੇ ਉਸ ਨੂੰ ਇਸ ਕੇਂਦਰ ’ਚ ਰੱਖਿਆ ਗਿਆ। ਪੀੜਤ ਅਨੁਸਾਰ ਫਿਰ ਉਸ ਨੂੰ ਮਾਨਸਾ ਦੇ ਨਸ਼ਾ ਛੁਡਾਊ ਕੇਂਦਰ ’ਚ ਭੇਜ ਦਿੱਤਾ ਗਿਆ। ਉੱਥੋਂ 8 ਜੂਨ 2021 ਨੂੰ ਉਹ ਬਾਜ਼ਾਰ ਸਾਮਾਨ ਖ਼ਰੀਦਣ ਗਏ ਕੇਂਦਰ ਦੇ ਬੰਦਿਆਂ ਨਾਲ ਗਿਆ ਤੇ ਮੌਕੇ ਦੇਖ ਕੇ ਉਨ੍ਹਾਂ ਦੀ ਕਾਰ ਭਜਾ ਕੇ ਖੰਨੇ ਆਪਣੇ ਰਿਸ਼ਤੇਦਾਰ ਕੋਲ ਪਹੁੰਚ ਗਿਆ। ਪੀੜਤ ਨੇ ਨਸ਼ਾ ਛੁਡਾਊ ਕੇਂਦਰਾਂ ਖ਼ਿਲ਼ਾਫ਼ ਤੇ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਰਾਜਨ ਵਰਮਾ ਦੇ ਰਿਸ਼ਤੇਦਾਰਾਂ ਵਿੱਚੋਂ ਨੋਨੀ ਵਰਮਾ ਅਤੇ ਸੇਖਰ ਵਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਮੁੱਢ ਤੋਂ ਨਕਾਰਦੇ ਹੋਏ ਆਖਿਆ ਕਿ ਰਾਜਨ ਦਾ ਉਨ੍ਹਾਂ ਦੀ ਭੈਣ ਨਾਲੋਂ ਤਲਾਕ ਹੋ ਚੁੱਕਾ ਹੈ, ਹੁਣ ਉਨ੍ਹਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।