ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਮਾਰਚ
ਬਿਹਾਰ ਦੇ ਜ਼ਿਲ੍ਹਾ ਗੋਪਾਲਗੰਜ ਸਥਿਤ ਥਾਣਾ ਫੋਕਲ ਪੁਆਇੰਟ ’ਚ ਦਰਜ ਧੋਖਾਧੜੀ ਦੇ ਇੱਕ ਮਾਮਲੇ ’ਚ ਮੁਲਜ਼ਮ ਨੂੰ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕਰਨ ਲਈ ਜਾ ਰਹੇ ਪੁਲੀਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਮੁਲਜ਼ਮ ਅਦਾਲਤ ਦੇ ਬਾਹਰੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮੁਲਜ਼ਮ ਬਾਰੇ ’ਚ ਜਾਣਕਾਰੀ ਇਕੱਠੀ ਕੀਤੀ ਤੇ ਉਸ ਦੇ ਖਿਲਾਫ਼ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲੀਸ ਡਾਬਾ ਦੇ ਗੁਰਪ੍ਰੀਤ ਨਗਰ ਵਾਸੀ ਸੰਜੀਵ ਕੁਮਾਰ ਦੀ ਭਾਲ ’ਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਦੇ ਖਿਲਾਫ਼ ਬਿਹਾਰ ਦੇ ਗੋਪਾਲਗੰਜ ਸਥਿਤ ਥਾਣੇ ’ਚ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਬਿਹਾਰ ਪੁਲੀਸ ਦੇ ਤਿੰਨ ਮੁਲਾਜ਼ਮ ਮੰਗਲਵਾਰ ਨੂੰ ਸਨਅਤੀ ਸ਼ਹਿਰ ਪੁੱਜੇ ਤੇ ਉਨ੍ਹਾਂ ਨੇ ਗੁਰਪ੍ਰੀਤ ਨਗਰ ਸਥਿਤ ਸੰਜੀਵ ਦੇ ਘਰ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨੇ ਮੁਲਾਜ਼ਮ ਉਸ ਨੂੰ ਅਦਾਲਤ ’ਚ ਲੈ ਕੇ ਪੁੱਜੇ। ਇੱਕ ਮੁਲਾਜ਼ਮ ਅੰਦਰ ਕਾਗਜ਼ਾਤ ਲੈ ਕੇ ਗਿਆ, ਜਦੋਂ ਕਿ 2 ਮੁਲਾਜ਼ਮ ਬਿਨਾਂ ਹੱਥਕੜੀ ਦੇ ਹੀ ਮੁਲਜ਼ਮ ਨੂੰ ਬਾਹਰ ਲੈ ਕੇ ਖੜ੍ਹੇ ਰਹੇ। ਇਸੇ ਦੌਰਾਨ ਮੁਲਜ਼ਮ ਨੇ ਪੁਲੀਸ ਮੁਲਾਜ਼ਮਾਂ ਨੂੰ ਚਕਮਾ ਦਿੱਤਾ ਤੇ ਉਨ੍ਹਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ।