ਪੱਤਰ ਪ੍ਰੇਰਕ
ਜਗਰਾਉਂ, 30 ਜੂਨ
ਇੱਥੇ ਸੁਭਾਸ਼ ਗੇਟ ਕੋਲ ਅੱਜ ਬਾਅਦ ਦੁਪਹਿਰ ਤਿੰਨ ਲੁਟੇਰਿਆਂ ਨੇ ਇੱਕ ਰਾਹਗੀਰ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦਾ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੁਟੇਰਿਆਂ ’ਚੋਂ ਇੱਕ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਜਿਸਨੂੰ ਬਾਅਦ ’ਚ ਥਾਣਾ ਸ਼ਹਿਰੀ ਦੀ ਪੁਲੀਸ ਆਪਣੇ ਨਾਲ ਲੈ ਗਈ। ਸਥਾਨਕ ਲੋਕਾਂ ਅਤੇ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਵਾੜ੍ਹ ਡਾਲਾ ਨਾਲ ਸਬੰਧਤ ਇੱਕ ਔਰਤ ਤੋਂ ਪਰਸ ਖੋਹ ਕੇ ਤਿੰਨ ਲੁਟੇਰੇ ਭੱਜਣ ਲੱਗੇ ਜਿਸ ਦੌਰਾਨ ਔਰਤ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਦੋ ਲੁਟੇਰੇ ਤਾਂ ਫ਼ਰਾਰ ਹੋਣ ’ਚ ਸਫ਼ਲ ਰਹੇ ਜਦਕਿ ਇੱਕ ਨੂੰ ਲੋਕਾਂ ਨੇ ਮੌਕੇ ਉੱਤੇ ਕਾਬੂ ਕਰ ਲਿਆ। ਮੌਕੇ ’ਤੇ ਪੁੱਜੀ ਪੁਲੀਸ ਲੁਟੇਰੇ ਨੂੰ ਆਪਣੇ ਨਾਲ ਥਾਣੇ ਲੈ ਗਈ। ਪੀੜਤ ਔਰਤ ਦੇ ਪਰਸ ’ਚ ਕੁੱਝ ਕੁ ਰੁਪਏ ਅਤੇ ਦੋ ਮੋਬਾਈਲ ਸਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।