ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਅੱਜ ਇਥੇ ਦੋਸ਼ ਲਾਇਆ ਕਿ ਝੋਨੇ ਦੀ ਫਸਲ ਦੀ ਅਨਾਜ ਮੰਡੀਆਂ ਵਿਚ ਸ਼ੈਲਰ ਮਾਲਕਾਂ ਵੱਲੋਂ ਮਾਪਦੰਡਾਂ ਦੇ ਨਾਂ ’ਤੇ ਲੁੱਟ-ਖਸੁੱਟ ਕਰਨ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣਾ ਸਬੰਧਤ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਟੀਮਾਂ ਬਣਾ ਕੇ ਇਸ ਲੁੱਟ ਖ਼ਿਲਾਫ਼ ਆਵਾਜ਼ ਉਠਾਈ ਜਾਵੇਗੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਲਤ ਨੀਤੀਆਂ ਕਾਰਨ ਕੰਗਾਲਤਾ ਦੀ ਕਗਾਰ ’ਤੇ ਪੁੱਜੀ ਕਿਸਾਨੀ ਸਿਰ ਚੜ੍ਹੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ ਅਤੇ ਨੀਤੀਆਂ ’ਚ ਬਦਲਾਅ ਕਰਕੇ ਖੇਤੀ ਧੰਦੇ ਨੂੰ ਲਾਹੇਵੰਦ ਬਣਾਇਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਤੁਰੰਤ 65/35 ਦੀ ਹਿਸਾਬ ਨਾਲ ਮਾਰਕੀਟ ਸੁਸਾਇਟੀਆਂ ਰਾਹੀਂ ਡੀਏਪੀ ਅਤੇ ਗੁੱਲੀਡੰਡੇ ਦੀ ਦਵਾਈ ਮਹੁੱਈਆ ਕਰਵਾਉਣ ਲਈ ਉਚੇਚੇ ਤੌਰ ’ਤੇ ਪ੍ਰਬੰਧਕ ਕਰਕੇ ਅਜਿਹੇ ਪ੍ਰਾਈਵੇਟ ਡੀਲਰਾਂ ’ਤੇ ਨਿਗ੍ਹਾ ਰੱਖੀ ਜਾਵੇ, ਜਿਹੜੇ ਖਾਦ ਦੇ ਨਾਲ ਹੋਰ ਸਾਮਾਨ ਧੱਕੇ ਨਾਲ ਮੜ ਰਹੇ ਹਨ।