ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਜੁਲਾਈ
ਸੜਕਾਂ ’ਤੇ ਮਰੀਆਂ ਪਈਆਂ ਗਊਆਂ ਨਿੱਤ ਦਿਨ ਮਨੁੱਖੀ ਜਾਨਾਂ ਦਾ ਖੌਅ ਬਣ ਰਹੀਆਂ ਹਨ। ਕੁਝ ਦਿਨ ਪਹਿਲਾਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਪਿੰਡ ਸੋਹੀਆਂ-ਸਿੱਧਵਾਂ ਕਲਾਂ ਲਿੰਕ ਸੜਕਾਂ ਨੂੰ ਜੋੜਨ ਲਈ ਬਣੇ ਪੁਲ ’ਤੇ ਇੱਕ ਗਊ ਕਿਸੇ ਵਾਹਨ ਨਾਲ ਟਕਰਾ ਕੇ ਮਰ ਗਈ। ਇਲਾਕੇ ਦੇ ਮੋਹਤਬਾਰਾਂ ਵੱਲੋਂ ਗਊ ਨੂੰ ਚੁੱਕਣ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਕਿਸੇ ਕੰਮ ਨਾ ਆਈ ਆਖਰ ਕਿਸੇ ਰਾਹਗੀਰ ਨੇ ਪੁਲ ’ਤੇ ਹੀ ਗਊ ਨੂੰ ਇੱਕ ਪਾਸੇ ਕਰਕੇ ਊਸ ’ਤੇ ਕੱਪੜਾ ਪਾ ਦਿੱਤਾ। ਪਰ ਤਿੰਨ ਹਫ਼ਤੇ ਬੀਤਣ ਦੇ ਬਾਵਜੂਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪੁਲ ’ਤੇ ਮਰੀ ਪਈ ਗਊ ਨੂੰ ਚੁੱਕਣ ਲਈ ਕੋਈ ਉਪਰਾਲਾ ਨਾ ਕੀਤਾ ਤੇ ਗਊ ਦੇ ਪਿੰਜਰ ’ਚੋਂ ਅਜੇ ਤੱਕ ਬਦਬੂ ਫੈਲ ਰਹੀ ਹੈ।
ਯਾਦ ਰਹੇ ਇਸੇ ਪੁਲ ’ਤੇ ਕੁਝ ਸਮਾਂ ਪਹਿਲਾਂ ਇਸੇ ਤਰ੍ਹਾਂ ਮਰੀ ਪਈ ਗਊ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਪਿੰਡ ਢੋਲਣ ਨਾਲ ਸਬੰਧਤ ਇੱਕ ਅਧਿਆਪਕ ’ਤੇ ਭਾਰੀ ਪਈ ਸੀ। ਅਧਿਆਪਕ, ਜਨਤਕ ਜਥੇਬੰਦੀਆਂ ਵੱਲੋਂ ਅਰੰਭੇ ਸਘੰਰਸ਼ ਕਾਰਨ ਅਧਿਆਪਕ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕਿਆ ਸੀ। ਇਸੇ ਮਾਰਗ ਤੋਂ ਰੋਜ਼ਾਨਾ ਜ਼ਿਲਾ, ਉਪ-ਮੰਡਲ ਅਫਸਰਸ਼ਾਹੀ, ਜੱਜ, ਵਕੀਲ, ਪੁਲੀਸ ਪ੍ਰਸ਼ਾਸਨ ਨਾਲ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਸੈਂਕੜੇ ਸਿਆਸੀ ਆਗੂ ਲੰਘਦੇ ਹਨ ਪਰ ਇਸ ਮਰੀ ਗਊ ਵੱਲ ਕਿਸੇ ਦਾ ਧਿਆਨ ਨਹੀਂ ਗਿਆ।
ਰਾਜਾ ਢਾਬਾ ਅਤੇ ਰਿਲਾਇੰਸ ਪੰਪ ਦੇ ਵਿਚਕਾਰ ਫਿਰ ਇੱਕ ਗਊ ਮਰੀ ਪਈ ਹੈ। ਇਸ ’ਚ ਸਵੇਰੇ ਸਵੱਖਤੇ ਦੋ ਮੋਟਰਸਾਈਕਲ ਸਵਾਰ ਤੇ ਦੋ ਕਾਰਾਂ ਟਕਰਾਈਆਂ, ਜਿਸ ਦੌਰਾਨ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਗਊ ਨੂੰ ਚੁੱਕਣ ਲਈ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਗੇ ਨਹੀਂ ਆਇਆ। ਇਸ ਸਬੰਧ ’ਚ ਉਪ-ਮੰਡਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮਸਰੂਫੀਅਤ ਦਿਖਾਉਂਦੇ ਗੱਲ ਕਰਨੀ ਮੁਨਾਸਬਿ ਨਹੀਂ ਸਮਝੀ।