ਜੋਗਿੰਦਰ ਸਿੰਘ ਓਬਰਾਏ
ਖੰਨਾ, 4 ਜੂਨ
ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿੱਚ ਮੱਕੀ ਦੀ ਫ਼ਸਲ ਦੀਆਂ ਰੋਜ਼ਾਨਾ ਲਗਪਗ ਦੋ ਹਜ਼ਾਰ ਬੋਰੀਆਂ ਆ ਰਹੀਆਂ ਹਨ। ਭਾਵੇਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ ਮੱਕੀ ਦੀ ਕੀਮਤ ਜ਼ਿਆਦਾ ਮਿਲ ਰਹੀ ਹੈ, ਪਰ ਇਹ ਭਾਅ ਮੱਕੀ ਦੇ ਘੱਟੋ-ਘੱਟ ਸਮਰਥਨ ਮੁੱਲ 1870 ਰੁਪਏ ਪ੍ਰਤੀ ਕੁਇੰਟਲ ਤੋਂ ਕਾਫ਼ੀ ਘੱਟ ਹੈ। ਖੰਨਾ ਮੰਡੀ ਵਿੱਚ ਮੱਕੀ 1100 ਤੋਂ 1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ। ਆੜ੍ਹਤੀਆਂ ਨੇ ਮੱਕੀ ’ਤੇ ਐੱਮਐੱਸਪੀ ਨਾ ਦੇਣਾ ਆਪਣੀ ਮਜ਼ਬੂਰੀ ਦੱਸਿਆ ਹੈ, ਜਦੋਂਕਿ ਘੱਟੋ ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨਾਂ ਕਿਸਾਨਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੱਕੀ ਦੀ ਖ਼ਰੀਦ ਕਰਨ ਵਾਲੇ ਆੜ੍ਹਤੀਏ ਸੰਜੂ ਸਾਹਨੇਵਾਲੀਆ ਤੇ ਆਤਿਸ਼ ਬਾਂਸਲ ਨੇ ਦੱਸਿਆ ਕਿ ਮੰਡੀ ਵਿਚ ਆਉਣ ਵਾਲੀ ਮੱਕੀ ਦੀ ਫ਼ਸਲ ਕਾਫੀ ਨਰਮ ਹੈ। ਇਸ ਵਿੱਚ ਲਗਪਗ 50 ਫੀਸਦੀ ਨਮੀ ਹੁੰਦੀ ਹੈ, ਜਦੋਂਕਿ ਇਹ 15-20 ਫੀਸਦੀ ਤੱਕ ਹੋਣੀ ਚਾਹੀਦੀ ਹੈ। ਇਸ ਕਰਕੇ ਭਾਅ ਘੱਟ ਲੱਗ ਰਿਹਾ ਹੈ ਕਿਉਂਕਿ ਖ਼ਰੀਦਣ ਵਾਲੇ ਨੂੰ ਮਜ਼ਦੂਰੀ ਤੇ ਹੋਰ ਖਰਚੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਮੱਕੀ ਸੁੱਕੀ ਆ ਰਹੀ ਹੈ, ਉਸਦਾ ਭਾਅ ਤਾਂ ਘੱਟ ਘੱਟ ਸਮਰਥਨ ਮੁੱਲ ਤੋਂ ਵੀ ਵੱਧ ਮਿਲ ਰਿਹਾ ਹੈ। ਦੋ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨੂੰ ਵੀ ਢੇਰੀ ਵਿਕ ਰਹੀ ਹੈ। ਫ਼ਸਲ ਵੇਚਣ ਆਏ ਕਿਸਾਨ ਜਸਪ੍ਰੀਤ ਸਿੰਘ ਤੇ ਜਗਵੀਰ ਸਿੰਘ ਨੇ ਮੱਕੀ ਦੇ ਮਿਲ ਰਹੇ ਭਾਅ ’ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਘੱਟੋ ਘੱਟ ਸਮਰਥਨ ਦੇ ਹਿਸਾਬ ਨਾਲ ਭਾਅ ਦੇਣ ਦੇ ਵਾਅਦੇ ਝੂਠੇ ਹਨ ਅਤੇ ਕਿਸਾਨ ਮਜ਼ਬੂਰੀ ਕਾਰਨ ਫ਼ਸਲ ਵੇਚ ਰਹੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਮੁਤਾਬਿਕ ਭਾਅ ਮਿਲੇ।
ਮੰਡੀ ਵਿੱਚ ਸੁੱਕੀ ਫ਼ਸਲ ਲੈ ਕੇ ਆਉਣ ਦੀ ਅਪੀਲ
ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਮੱਕੀ ਦਾ ਸਰਕਾਰੀ ਭਾਅ (ਐੱਮਐੱਸਪੀ) 1870 ਰੁਪਏ ਪ੍ਰਤੀ ਕੁਇੰਟਲ ਹੈ, ਪਰ ਇਸ ਸਮੇਂ ਮੰਡੀ ਵਿੱਚ ਆ ਰਹੀ ਮੱਕੀ ਦੀ ਫ਼ਸਲ ਵਿਚ 50 ਤੋਂ 60 ਫ਼ੀਸਦੀ ਤੱਕ ਨਮੀ ਹੈ, ਜੋ ਸਰਕਾਰੀ ਅਦਾਰੇ ਨਹੀਂ ਖ਼ਰੀਦ ਰਹੇ, ਜਦੋਂਕਿ ਸੁੱਕੀ ਮੱਕੀ ਇਸੇ ਮੰਡੀ ਵਿਚ ਐੱਮਐੱਸਪੀ ਦੇ ਤੈਅ ਭਾਅ 1870 ਤੋਂ ਵੀ ਵੱਧ 2010 ਤੋਂ 2020 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਿੱਜੀ ਅਦਾਰੇ ਖ਼ਰੀਦ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਮੱਕੀ ਦੀ ਫ਼ਸਲ ਸੁਕਾ ਕੇ ਲਿਆਉਣ ਤਾਂ ਜੋ ਸਹੀ ਭਾਅ ਮਿਲ ਸਕੇ।