ਪੱਤਰ ਪ੍ਰੇਰਕ
ਰਾਏਕੋਟ, 10 ਅਪਰੈਲ
ਕਰੋਨਾ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤਹਿਤ ਅੱਜ ਰਾਏਕੋਟ ਬਲਾਕ ਦਫਤਰ ਦੀ ਨਵੀਂ ਬਣੀ ਇਮਾਰਤ ਵਿੱਚ ਬੀ.ਡੀ.ਪੀ.ਓ ਰੁਪਿੰਦਰਜੀਤ ਕੌਰ ਦੀ ਅਗਵਾਈ ’ਚ ਇਕ ਕੈਂਪ ਲਾਕੇ ਬਲਾਕ ਰਾਏਕੋਟ ਤਹਿਤ ਪੈਂਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਦੇ ਕੋਵਿਡ ਰੋਕੂ ਟੀਕੇ ਲਗਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਸ਼ਵ ਮੋਹਨ ਨੇ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਉਪਰੰਤ ਬੀ.ਡੀ.ਪੀ.ਓ ਵੱਲੋਂ ਕੈਂਪ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਇਕ ਸੰਖੇਪ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਉਮੀਦ ਨਾਲੋਂ ਵੱਧ ਖਤਰਨਾਕ ਸਿੱਧ ਹੋ ਰਹੀ ਹੈ ਜਿਸ ਦੀ ਰੋਕਥਾਮ ਜ਼ਰੂਰੀ ਹੈ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਇਥੇ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿੱਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਦੋ ਰੋਜ਼ਾ ਕੋਵਿਡ-19 ਟੀਕਾਕਰਨ ਕੈਂਪ ਲਾਇਆ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਧਰਮ ਪਾਲ ਜੈਨ ਦੀ ਯਾਦ ਵਿੱਚ ਲਾਏ ਗਏ ਇਸ ਕੈਂਪ ਦਾ ਮਕਸਦ ਲੋਕਾਂ ਨੂੰ ਕੋਵਿਡ-19 ਮਹਾਮਾਰੀ ਪ੍ਰਤੀ ਜਾਗਰੂਕ ਕਰਕੇ ਇਸ ਦੇ ਬਚਾਅ ਦਾ ਟੀਕਾਕਰਨ ਕਰਵਾਉਣਾ ਸੀ। ਕਾਲਜ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਅਗਰਵਾਲ ਨੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਦੀ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਸਹਾਇਤਾ ਕਰਨਗੇ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਮਰਵਾਹਾ ਨੇ ਇਸ ਕੈਂਪ ਵਿੱਚ ਲੋਕਾਂ ਦੀ ਭਾਰੀ ਸ਼ਮੂਲੀਅਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਨਵੇਂ ਬਣੇ ਕੌਂਸਲਰਾਂ ਵੱਲੋਂ ਵੈਕਸੀਨੇਸ਼ਨ ਲਈ ਕੈਂਪ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਦੀ ਟਿਕਟ ’ਤੇ ਪਹਿਲੀ ਵਾਰ ਕੌਂਸਲਰ ਬਣੇ ਤਿੰਨ ਨੌਜਵਾਨਾਂ ਨੇ ਅੱਜ ਇਥੇ ਕਰੋਨਾ ਵੈਕਸੀਨ ਕੈਂਪ ਲਾਇਆ। ਬਿਨਾਂ ਮੁਕਾਬਲੇ ਜੇਤੂ ਅਮਨ ਕਪੂਰ ਬੌਬੀ, ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਹਰਾ ਕੇ ਆਜ਼ਾਦ ਤੌਰ ’ਤੇ ਜਿੱਤੇ ਕੌਂਸਲਰ ਹਿਮਾਂਸ਼ੂ ਮਲਿਕ ਅਤੇ ਕੌਂਸਲਰ ਵਿਕਰਮ ਜੱਸੀ ਨੇ ਸ਼ਹਿਰ ਦੇ ਪੁਰਾਤਨ ਅਤੇ ਇਤਿਹਾਸਕ ਮਹਾਵੀਰ ਮੰਦਰ ’ਚ ਇਹ ਉਪਰਾਲਾ ਕੀਤਾ। ਇਸ ਕੈਂਪ ਦਾ ਲਾਹਾ 126 ਲੋਕਾਂ ਨੇ ਲਿਆ।