ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਗਸਤ
ਸਥਾਨਕ ਤਾਜਪੁਰ ਰੋਡ ’ਤੇ ਪੈਂਦੀਆਂ ਡੇਅਰੀਆਂ ਨੇੜੇ ਲੰਪੀ ਸਕਿਨ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਭਰਮਾਰ ਹੋ ਗਈ ਹੈ। ਇਨ੍ਹਾਂ ਵਿੱਚ ਕਈ ਪਸ਼ੂਆਂ ਦੀ ਹਾਲਤ ਖਰਾਬ ਹੈ ਜਦਕਿ ਕਈ ਪਸ਼ੂ ਆਲੇ-ਦੁਆਲੇ ਘੁੰਮ ਕੇ ਹੋਰ ਪਸ਼ੂਆਂ ਵਿੱਚ ਵੀ ਇਹ ਬਿਮਾਰੀ ਫੈਲਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਈ ਡੇਅਰੀ ਮਾਲਕਾਂ ਵੱਲੋਂ ਡੇਅਰੀਆਂ ਵਿੱਚ ਹੀ ਉਕਤ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਸਾਂਭ-ਸੰਭਾਲ ਕਰ ਕੇ ਉਨ੍ਹਾਂ ਨੂੰ ਤੰਦਰੁਸਤ ਕੀਤਾ ਜਾ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਤਾਜਪੁਰ ਰੋਡ ਅਤੇ ਹੈਬੋਵਾਲ ਇਲਾਕਿਆਂ ਵਿੱਚ ਲਾਵਾਰਿਸ ਪਸ਼ੂਆਂ ਵਿੱਚ ਲੰਪੀ ਸਕਿਨ ਦੀ ਬਿਮਾਰੀ ਦੇ ਕੇਸ ਕਈ ਗੁਣਾ ਵਧ ਗਏ ਹਨ। ਕਈ ਡੇਅਰੀਆਂ ਵਾਲਿਆਂ ਨੇ ਵੀ ਆਪਣੇ ਬਿਮਾਰੀ ਤੋਂ ਪੀੜਤ ਪਸ਼ੂਆਂ ਨੂੰ ਮਰਨ ਲਈ ਸੜਕਾਂ ’ਤੇ ਛੱਡ ਦਿੱਤਾ ਹੈ। ਇਨ੍ਹਾਂ ਪਸ਼ੂਆਂ ਦੇ ਪੂਰੇ ਸਰੀਰ ’ਤੇ ਵੱਡੇ- ਵੱਡੇ ਧੱਫੜ ਹੋਏ ਪਏ ਹਨ ਅਤੇ ਕਈਆਂ ਦੇ ਸਰੀਰ ’ਤੇ ਜ਼ਖਮ ਹੋਏ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪਸ਼ੂਆਂ ਨੂੰ ਬੁਖਾਰ ਹੋਣਾ ਅਤੇ ਪਸ਼ੂਆਂ ਦਾ ਕਮਜ਼ੋਰ ਹੋਣਾ ਆਦਿ ਲੱਛਣ ਵੀ ਦਿਖਾਈ ਦਿੰਦੇੇ ਹਨ। ਇਸ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਸਾਂਭ ਸੰਭਾਲ ਲਈ ਭਾਵੇਂ ਕਿ ਨਗਰ ਨਿਗਮ ਵੱਲੋਂ ਇੱਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਪਰ ਪ੍ਰਭਾਵਿਤ ਪਸ਼ੂਆਂ ਦੀ ਗਿਣਤੀ ਦੇ ਮੁਕਾਬਲੇ ਇਹ ਟੀਮ ਨਾ-ਕਾਫੀ ਲੱਗ ਰਹੀ ਹੈ। ਦੂਜੇ ਪਾਸੇ ਕਈ ਪਸ਼ੂ ਪਾਲਕਾਂ ਵੱਲੋਂ ਡੇਅਰੀਆਂ ਵਿੱਚ ਹੀ ਵੱਖਰੇ ਤੌਰ ’ਤੇ ਪਸ਼ੂਆਂ ਦੀ ਪੂਰੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਤਾਜਪੁਰ ਰੋਡ ’ਤੇ ਇੱਕ ਡੇਅਰੀ ਮਾਲਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬਹੁਤੇ ਲੋਕ ਉਕਤ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਸੜਕਾਂ ਤੇ ਰੁਲਣ ਲਈ ਛੱਡ ਦਿੰਦੇ ਹਨ ਪਰ ਉਸ ਨੇ ਅਜਿਹੇ ਪਸ਼ੂਆਂ ਦੀ ਸਾਂਭ-ਸੰਭਾਲ ਹੋਰ ਵਧਾ ਦਿੱਤੀ ਹੈ।
ਇਨ੍ਹਾਂ ਵਿੱਚੋਂ ਕਈ ਪਸ਼ੂ ਦੁਬਾਰਾ ਠੀਕ ਹੋਣੇ ਵੀ ਸ਼ੁਰੂ ਹੋ ਗਏ ਹਨ। ਉਸ ਦਾ ਕਹਿਣਾ ਸੀ ਕਿ ਜੇਕਰ ਪਸ਼ੂ ਦੀ ਖੁਰਾਕ ਵਿੱਚ ਕੋਈ ਕਮੀ ਨਹੀਂ ਹੁੰਦੀ ਤਾਂ ਉਸ ਦੇ ਜਲਦੀ ਠੀਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਅਜਿਹੇ ਪਸ਼ੂਆਂ ਦੇ ਇਲਾਜ ਲਈ ਉਸ ਨੇ ਜ਼ਖਮਾਂ ਵਾਲੀ ਦਵਾਈ ਦੀ ਹੀ ਵਰਤੋਂ ਕੀਤੀ ਹੈ।
ਉਬਾਲ ਕੇ ਪੀਤਾ ਜਾ ਸਕਦਾ ਹੈ ਪਸ਼ੂਆਂ ਦਾ ਦੁੱਧ: ਮਾਹਿਰ
ਨਗਰ ਨਿਗਮ ਦੇ ਵੈਟਰਨਰੀ ਮਾਹਿਰ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ 24 ਘੰਟੇ ਕੰਮ ਕਰ ਰਹੀਆਂ ਹਨ। ਇਸ ਬਿਮਾਰੀ ਨਾਲ ਪਸ਼ੂਆਂ ਦੇ ਮਰਨ ਦਰ ਸਿਰਫ ਇਕ ਤੋਂ ਦੋ ਫ਼ੀਸਦ ਹੈ। ਇਹ ਵੀ ਉਹ ਪਸ਼ੂ ਹਨ ਜਿਹੜੇ ਕਿ ਬਹੁਤ ਕਮਜ਼ੋਰ ਹਨ ਅਤੇ ਕਈ ਦਿਨਾਂ ਤੱਕ ਬਿਮਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਤੋਂ ਪ੍ਰਭਾਵਿਤ ਪਸ਼ੂਆਂ ਦਾ ਦੁੱਧ ਉਬਾਲ ਕੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।