ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਫਰਵਰੀ
ਸ਼ਹਿਰ ’ਚ ਲੱਗੇ ਮਾਰਗਦਰਸ਼ਕ ਬੋਰਡਾਂ ’ਤੇ ਕਦੇ ਰਾਜਸੀ ਪਾਰਟੀਆਂ ਤੇ ਕਦੇ ਧਾਰਮਿਕ ਬੋਰਡ ਲੱਗਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਸ ਨੂੰ ਦੇਖਦੇ ਹੋਏ ਐਨਜੀਓ ਯੁਵਾ ਟੀਮ ਨੇ ਸੱਚਾ ਯਾਦਵ ਦੀ ਅਗਵਾਈ ’ਚ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਐਨਜੀਓ ਟੀਮ ਦੇ ਕੁਮਾਰ ਗੌਰਵ ਨੇ ਦਿਸ਼ਾ ਸੂਚਕ ਬੋਰਡ ’ਤੇ ਲੱਗੇ ਬੈਨਰ ਦੀ ਆਰਤੀ ਉਤਾਰੀ ਤੇ ਉਸ ਤੋਂ ਬਾਅਦ ਫੁੱਲਾਂ ਦਾ ਹਾਰ ਪਾਇਆ। ਉਹ ਇਹ ਵਿਰੋਧ ਗਿੱਲ ਰੋਡ ’ਤੇ ਕਰ ਰਹੇ ਸਨ। ਉਨ੍ਹਾਂ ਵੱਲੋਂ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ ਤੇ ਤੁਰੰਤ ਇਨ੍ਹਾਂ ਬੋਰਡਾਂ ਨੂੰ ਉਤਾਰ ਦਿੱਤਾ। ਕੁਮਾਰ ਗੌਰਵ ਨੇ ਸਵਾਲ ਕੀਤਾ ਕਿ ਨਗਰ ਨਿਗਮ ਅਜਿਹੇ ਬੋਰਡ ਲਾਉਣ ਦੀ ਆਗਿਆ ਕਿਉਂ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਰਾਜਸੀ ਪਾਰਟੀਆਂ ਤੇ ਧਾਰਮਿਕ ਜੱਥੇਬੰਦੀਆਂ ਨਾਲ ਜੁੜੇ ਲੋਕ ਸ਼ਹਿਰ ਦੇ ਮਾਰਗ ਦਰਸ਼ਕ ਬੋਰਡਾਂ ’ਤੇ ਆਪਣੇ ਬੈਨਰ ਲਾ ਕੇ ਵਧਾਈਆਂ ਦਿੰਦੇ ਹਨ, ਪਰ ਬਾਹਰੀ ਇਲਾਕਿਆਂ ’ਚੋਂ ਆਉਣ ਵਾਲਿਆਂ ਨੂੰ ਰਸਤਾ ਨਾ ਪਤਾ ਲੱਗਣ ’ਤੇ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਗਮ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।