ਗਗਨਦੀਪ ਅਰੋੜਾ
ਲੁਧਿਆਣਾ, 15 ਸਤੰਬਰ
ਇਸ ਸ਼ਹਿਰ ਦਾ ਮੁੱਖ ਆਰਤੀ ਚੌਕ ਤਿੰਨ ਮਹੀਨੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਸ਼ਹਿਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ।
ਆਰਤੀ ਚੌਕ ਨੇੜੇ ਐਲੀਵੇਟਿਡ ਰੋਡ ’ਤੇ ਗਾਡਰ ਰੱਖਣ ਦੇ ਨਾਲ ਨਾਲ ਰੈਂਪ ਦੀ ਉਸਾਰੀ ਚੱਲ ਰਹੀ ਹੈ। ਇਸ ਦੇ ਮੱਦੇਨਜ਼ਰ ਕੰਪਨੀ ਵੱਲੋਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਚੌਕ ’ਚੋਂ ਲੰਘਣ ਵਾਲਾ ਟਰੈਫਿਕ ਬੰਦ ਕਰ ਦਿੱਤਾ ਗਿਆ ਹੈ। ਆਰਤੀ ਚੌਕ ਸ਼ਹਿਰ ਦੇ ਵੱਖ ਵੱਖ 8 ਸੜਕਾਂ ਨਾਲ ਜੁੜਦਾ ਹੈ ਜਿਸ ਕਰਕੇ ਉੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਪੁਲੀਸ ਨੇ ਟਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਆਰਤੀ ਚੌਕ ਤੋਂ ਪਹਿਲਾਂ ਤੇ ਬਾਅਦ ’ਚ ਥੋੜ੍ਹਾ ਰਸਤਾ ਖੋਲ੍ਹ ਦਿੱਤਾ ਹੈ, ਇਸ ਦੇ ਬਾਵਜੂਦ ਇੱਥੇ ਟਰੈਫਿਕ ਦੀ ਕਾਫ਼ੀ ਸਮੱਸਿਆ ਆਉਣ ਦੇ ਆਸਾਰ ਹਨ। ਜ਼ਿਕਰਯੋਗ ਹੈ ਕਿ ਸਾਲ 2017 ’ਚ ਫਿਰੋਜ਼ਪੁਰ ਰੋਡ ਤੋਂ ਸਮਰਾਲਾ ਚੌਕ ਤੱਕ ਐਲੀਵੇਟਿਡ ਰੋਡ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ 770 ਕਰੋੜ ਰੁਪਏ ਖਰਚ ਕੇ 13 ਕਿਲੋਮੀਟਰ ਐਲੀਵੇਟਿਡ ਰੋਡ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਸ ਯੋਜਨਾ ਨੂੰ ਸਤੰਬਰ 2022 ਤੱਕ ਪੂਰਾ ਕੀਤਾ ਜਾਣਾ ਸੀ। ਕਰੋਨਾ ਕਾਲ ਕਾਰਨ ਲਗਭਗ 2 ਸਾਲ ਤੱਕ ਇਸ ਯੋਜਨਾ ’ਤੇ ਕੰਮ ਨਹੀਂ ਹੋ ਸਕਿਆ। ਆਖਰਕਾਰ ਇਸ ਯੋਜਨਾ ਦਾ ਸਮਾਂ ਹੁਣ ਮਾਰਚ 2023 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਫਿਲਹਾਲ ਫਿਰੋਜ਼ਪੁਰ ਚੁੰਗੀ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੱਕ ਦਾ ਕੰਮ ਪੂਰਾ ਹੋ ਚੁੱਕਿਆ ਹੈ। ਜੁਆਇੰਟ ਪੁਲੀਸ ਕਮਿਸ਼ਨਰ ਗੁਰਦਿਆਲ ਸਿੰਘ ਨੇ ਕਿਹਾ ਕਿ ਪੁਲੀਸ ਨੇ ਟਰੈਫਿਕ ਸਮੱਸਿਆ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਹੈ ਕਿਉਂਕਿ ਕਾਫ਼ੀ ਲੰਮਾ ਸਮਾਂ ਚੌਕ ਬੰਦ ਰਹੇਗਾ। ਇਸ ਕਾਰਨ ਚੌਕ ਤੋਂ ਥੋੜ੍ਹਾ ਅੱਗੇ ਤੇ ਭਾਈਬਾਲਾ ਚੌਕ ਵੱਲੋਂ ਕੁਝ ਰਸਤਾ ਵਾਹਨਾਂ ਲਈ ਖੋਲ੍ਹਿਆ ਗਿਆ ਹੈ ਤਾਂ ਕਿ ਲੋਕਾਂ ਨੂੰ ਜ਼ਿਆਦਾ ਦਿੱਕਤ ਨਾ ਆਵੇ।