ਗਗਨਦੀਪ ਅਰੋੜਾ
ਲੁਧਿਆਣਾ, 19 ਅਪਰੈਲ
ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਦੀ ਵਾਲੰਟੀਅਰ ਮਿਲਣੀ ਸਥਾਨਕ ਸ਼ਹਿਨਸ਼ਾਹ ਪੈਲੇਸ ਵਿੱਚ ਕੀਤੀ ਗਈ। ਮੀਟਿੰਗ ਦੀ ਅਗਵਾਈ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਲੋਕ ਸਭਾ ਇੰਚਾਰਜ ਡਾ. ਦੀਪਕ ਬਾਂਸਲ, ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੋੜ ਨੇ ਕੀਤੀ। ਇਸ ਮਿਲਣੀ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਲੁਧਿਆਣਾ ਲੋਕ ਸਭਾ ਹਲਕੇ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਪੁੱਜੇ। ਇਸ ਦੌਰਾਨ ਸ਼ਹਿਰ ਦੇ ਸਾਰੇ ਹੀ ਵਿਧਾਇਕ ਤੇ ਪਾਰਟੀ ਅਹੁਦੇਦਾਰ ਵੀ ਮੌਜੂਦ ਸਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਪਾਰਟੀ ਨੇ ਕਾਫ਼ੀ ਵਿਚਾਰਾਂ ਤੋਂ ਬਾਅਦ ਲੋਕਾਂ ਵਿੱਚ ਵਿਚਰਨ ਵਾਲੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਲੋਕ ਸਭਾ ਲੁਧਿਆਣਾ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਉਨ੍ਹਾਂ ਨੂੰ ਜਿਤਾਉਣਾ ਹੁਣ ਵਾਲੰਟੀਅਰਾਂ ਦੀ ਜ਼ਿੰਮੇਵਾਰੀ ਹੈ। ‘ਆਪ’ ਆਗੂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕ ਸਭਾ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਲੁਧਿਆਣਾ ਸੀਟ ਤੋਂ ਵੱਡੇ ਫਰਕ ਨਾਲ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ 13-0 ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।
ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਅਸ਼ੋਕ ਪਰਾਸ਼ਰ ਪੱਪੀ ਨੂੰ ਯਕੀਨ ਦਿਵਾਇਆ ਕਿ ਪਾਰਟੀ ਦਾ ਇਕ ਇਕ ਵਾਲੰਟੀਅਰ ਸਾਥੀ ਉਨ੍ਹਾਂ ਨੂੰ ਦਿੱਲੀ ਸੰਸਦ ਵਿੱਚ ਭੇਜਣ ਲਈ ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰੇਗਾ ਅਤੇ ਵੋਟ ਮੰਗੇਗਾ।
ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਵੱਡੀ ਗਿਣਤੀ ਵਿੱਚ ਵਾਲੰਟੀਅਰਾਂ ਦਾ ਪਹੁੰਚਣ ਅਤੇ ਸਾਥ ਦੇਣ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੋ ਸੇਵਾ ਪਾਰਟੀ ਨੇ ਲਗਾਈ ਹੈ ਉਸ ਨੂੰ ਪੂਰੇ ਯਤਨਾਂ ਨਾਲ ਨਿਭਾਉਣਗੇ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ, ਗੁਰਪ੍ਰੀਤ ਗੋਗੀ, ਬੀਬੀ ਰਜਿੰਦਰਪਾਲ ਕੌਰ ਛੀਨਾ, ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਅਤੇ ਖਜ਼ਾਨਚੀ ਸੁਰੇਸ਼ ਗੋਇਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਤਰਸੇਮ ਸਿੰਘ ਭਿੰਡਰ, ਬਲੌਰ ਸਿੰਘ ਮੁੱਲਾਂਪੁਰ, ਹਰਨੇਕ ਸਿੰਘ ਸੇਖੋਂ, ਪ੍ਰੋਫੈਸਰ ਤੇਜਪਾਲ ਸਿੰਘ, ਪਰਮਵੀਰ ਸਿੰਘ, ਦੁਪਿੰਦਰ ਸਿੰਘ, ਮਾਸਟਰ ਹਰੀ ਸਿੰਘ, ਗੁਰਜੀਤ ਸਿੰਘ ਗਿੱਲ, ਅਬਦੁਲ ਕਾਦਿਰ, ਨੀਤੂ ਵੋਹਰਾ, ਸ਼ੇਖਰ ਗਰੋਵਰ, ਇੰਦਰਜੀਤ ਕੌਰ, ਸੋਨੂ ਕਲਿਆਣ, ਲੇਖ ਰਾਜ ਅਰੋੜਾ, ਧਰਮਿੰਦਰ ਸਿੰਘ ਫੌਜੀ, ਗੁਰਪ੍ਰੀਤ ਸੈਣੀ, ਰਾਜੂਬੀਰ ਸਿੰਘ ਤੇ ਸੁਰਿੰਦਰ ਸਿੰਘ ਸ਼ਿੰਦਾ ਆਦਿ ਮੌਜੂਦ ਸਨ।