ਗਗਨਦੀਪ ਅਰੋੜਾ
ਲੁਧਿਆਣਾ, 7 ਸਤੰਬਰ
ਪੰਜਾਬ ਸਰਕਾਰ ਵੱਲੋਂ ਬਿਜਲੀ ਸਮਝੌਤੇ ਰੱਦ ਕਰਨ ਦੇ ਬਿਆਨ ਤੋਂ ਪਲਟਣ ਤੋਂ ਬਾਅਦ ਮੰਗਲਵਾਰ ਨੂੰ ‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਆਗੂ ਅਮਨਦੀਪ ਸਿੰਘ ਮੋਹੀ ਦੀ ਅਗਵਾਈ ’ਚ ਕੀਤੇ ਪ੍ਰਦਰਸ਼ਨ ਮੌਕੇ ਆਗੂਆਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਆਮ ਸਮਝੌਤੇ ਰੱਦ ਕੀਤੇ ਜਾਣਗੇ। ਇਸ ਮਾਮਲੇ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਪਰ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ। ਇਨ੍ਹਾਂ ਸਮਝੌਤਿਆਂ ਦਾ ਨਤੀਜਾ ਆਮ ਲੋਕਾਂ ਨੂੰ ਚੁਕਾਉਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ’ਤੇ ਆਰਥਿਕ ਬੋਝ ਵੱਧਦਾ ਜਾ ਰਿਹਾ ਹੈ।
‘ਆਪ’ ਆਗੂ ਹਰਭੁਪਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਾਰ ਵਾਰ ਬਹਾਨਾ ਬਣਾ ਰਹੇ ਹਨ ਤੇ ਬਾਦਲ ਸਰਕਾਰ ਵੱਲੋਂ ਗਲਤ ਤਰੀਕੇ ਨਾਲ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਨ ਤੋਂ ਭੱਜ ਰਹੇ ਹਨ। ਹਾਲਾਂਕਿ ਇਹ ਪ੍ਰਾਈਵੇਟ ਥਰਮਲ ਪਲਾਂਟ ਬਿਜਲੀ ਦੀ ਕਮੀ ਦੇ ਮੌਸਮ ’ਚ ਕਦੇ ਵੀ ਠੀਕ ਢੰਗ ਨਾਲ ਬਿਜਲੀ ਮੁਹੱਈਆ ਨਹੀਂ ਕਰਵਾ ਸਕੇ ਹਨ। ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਤੋਂ ਭੱਜ ਕਿਉਂ ਰਹੇ ਹਨ। ਇਸ ਮਾਮਲੇ ਵਿਚ ਕੈਪਟਨ ਨੇ ਬਾਦਲਾਂ ਦਾ ਬਚਾਅ ਕੀਤਾ ਹੈ। ਹੋਰ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਕੈਬਨਿਟ ਮੰਤਰੀ ਨੇ ਸਵੀਕਾਰ ਕੀਤਾ ਸੀ ਕਿ ਸਰਕਾਰ ਨੇ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਕੀਤਾ ਹੈ ਤੇ ਜੇਕਰ ਇਸ ਮੁੱਦੇ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ ਹੁਣ ਕੁਝ ਵੀ ਨਹੀਂ ਬਚੇਗਾ। ਸਰਕਾਰ ਨੂੰ ਉਨ੍ਹਾਂ ਤਿੰਨ ਬਿਜਲੀ ਸਮਝੌਤਿਆਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਤਾਂ ਕਿ ਬਾਦਲਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਕੀਤੇ ਗਏ ਸਮਝੌਤਿਆਂ ਨਾਲ ਪੰਜਾਬ ਨੂੰ ਹੋ ਰਹੇ ਹਜ਼ਾਰਾਂ ਕਰੋੜਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ, ਖਜ਼ਾਨਚੀ ਸੁਰਿੰਦਰ ਸੈਣੀ, ਦਫ਼ਤਰ ਇੰਚਾਰਜ ਮਾਸਟਰ ਹਰੀ ਸਿੰਘ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਰਾਜਨ ਮਲਹੋਤਰਾ, ਰਾਜਿੰਦਰਪਾਲ ਕੌਰ ਛੀਨਾ, ਤਰਸੇਮ ਸਿੰਘ ਭਿੰਡਰ ਆਦਿ ਮੌਜੂਦ ਸਨ। ਆਪ ਵਰਕਰਾਂ ਨੇ ਕਿਹਾ ਕਿ ਕੈਪਟਨ ਆਮ ਵਰਗ ਨੂੰ ਰਾਹਤ ਦੇਣ ਵਿਚ ਨਾਕਾਮ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਅਗਲੀਆਂ ਚੋਣਾਂ ਵਿਚ ਜਵਾਬ ਦੇਣਾ ਔਖਾ ਹੋ ਜਾਵੇਗਾ।
ਕਿਸਾਨਾਂ ਨੇ ਭਾਜਪਾ ਆਗੂ ਗਰੇਵਾਲ ਦਾ ਪੁਤਲਾ ਫੂਕਿਆ
ਲੁਧਿਆਣਾ: ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦੀ ਗਲਤ ਬਿਆਨਬਾਜ਼ੀ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮੈਂਬਰਾਂ ਨੇ ਅੱਜ ਲਾਡੋਵਾਲ ਟੌਲ ਪਲਾਜ਼ਾ ’ਤੇ ਭਾਜਪਾ ਆਗੂ ਦਾ ਪੁਤਲਾ ਸਾੜਿਆ। ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ’ਚ ਇਹ ਪੁਤਲਾ ਫੂਕਿਆ ਗਿਆ। ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਆਗੂਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਕਾਂਗਰਸ ਸਰਕਾਰ ’ਤੇ ਵੀ ਦੋਸ਼ ਲਾਏ ਕਿ ਉਹ ਭਾਜਪਾ ਦਾ ਸਾਥ ਦੇ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਭਾਜਪਾ ਲਗਾਤਾਰ ਗਲਤ ਬਿਆਨਬਾਜ਼ੀ ਕਰ ਰਹੀ ਹੈ। ਕਿਸਾਨਾਂ ਨੂੰ ਕਦੇ ਤਾਲਿਬਾਨੀ ਤੇ ਕਦੇ ਅਤਿਵਾਦੀ ਕਿਹਾ ਜਾ ਰਿਹਾ ਹੈ, ਪਰ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕੜਕਦੀ ਠੰਡ ਅਤੇ ਤੱਪਦੀ ਗਰਮੀ ’ਚ ਕਿਸਾਨ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਦੇਸ਼ ਦੀ ਮੋਦੀ ਸਰਕਾਰ ਦੇਸ਼ ਨੂੰ ਚੰਦ ਵੱਡੇ ਘਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ। ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲਿਆ ਕੇ ਕਿਸਾਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਦਾ ਪਿੰਡਾਂ ’ਚ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਹਨ। ਸ਼ਹਿਰਾਂ ’ਚ ਵਿਰੋਧ ਸ਼ੁਰੂ ਹੋ ਚੁੱਕਾ ਹੈ। ਇਸ ਦੇ ਬਾਵਜੂਦ ਭਾਜਪਾ ਆਗੂ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਪੰਜਾਬ ’ਚ ਉਨ੍ਹਾਂ ਦੀ ਸਰਕਾਰ ਬਣੇਗੀ। ਅਮਰੀਕ ਸਿੰਘ ਨੇ ਕਿਹਾ ਕਿ ਉਹ ਦਾਅਵਾ ਕਰਦੇ ਹਨ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਨੂੰ ਇੱਕ ਸੀਟ ਵੀ ਜਿੱਤਣੀ ਮੁਸ਼ਕਿਲ ਹੋ ਜਾਵੇਗੀ।