ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਪਰੈਲ
ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ 1 ਅਪਰੈਲ ਤੋਂ ਲਾਗੂ ਕਰਨ ਦੀ ਬਜਾਏ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਵਾਅਦਿਆਂ ਤੋਂ ਧਿਆਨ ਹਟਾਉਣ ਲਈ ਚੰਡੀਗੜ੍ਹ ਦਾ ਬੇਤੁਕਾ ਮੁੱਦਾ ਚੁੱਕਿਆ ਜਾ ਰਿਹਾ ਹੈ। ਅੱਜ ਭਾਜਪਾ ਦਫ਼ਤਰ ਘੰਟਾ ਘਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ ਵਿੱਚ ਜਨਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਸਵਾਲ ਪੁੱਛਿਆ ਤਾਂ ਨਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਾ ਹੀ ਕਿਸੇ ਹੋਰ ‘ਆਪ’ ਆਗੂ ਨੇ ਉਸਦਾ ਕੋਈ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ 15 ਦਿਨਾਂ ਵਿੱਚ ਹੀ ਭਗਵੰਤ ਮਾਨ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਸਾਫ਼ ਨਜ਼ਰ ਆਉਣ ਲੱਗ ਪਿਆ ਹੈ। ਇਸ ਮੌਕੇ ਕਾਂਤੇਦੂ ਸ਼ਰਮਾ, ਯਸ਼ਪਾਲ ਜਨੋਤਰਾ, ਡਾ.ਸਤੀਸ਼ ਕੁਮਾਰ ਅਤੇ ਹਰਸ਼ ਸਰੀਨ ਆਦਿ ਵੀ ਹਾਜ਼ਰ ਸਨ। ਸਿੰਗਲ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕੇਂਦਰੀ ਰਾਜ ਲਾਗੂ ਹੋਣ ਨਾਲ ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਘੱਟ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਸਰਕਾਰ ਹੀ ਰੌਲਾ ਪਾ ਰਹੀ ਹੈ, ਜਦਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ਵੱਲੋਂ ਕੀਤੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਛੇਵਾਂ ਪੇਅ-ਕਮਿਸ਼ਨ ਲਾਗੂ ਨਹੀਂ ਹੋਇਆ ਹੈ, ਜਦੋਂਕਿ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਸੱਤਵਾਂ ਪੇਅ-ਕਮਿਸ਼ਨ ਅਤੇ ਹੋਰ ਸਹੂਲਤਾਂ ਦੇ ਦਿੱਤੀਆਂ ਹਨ ਅਤੇ ਚੰਡੀਗੜ੍ਹ ਵਿੱਚ ਕੇਂਦਰੀ ਨਿਯਮਾਂ ਨੂੰ ਲਾਗੂ ਕਰਨ ਦੇ ਨਾਲ ਹੀ ਸੱਤਵਾਂ ਪੇਅ ਕਮਿਸ਼ਨ ਅਤੇ ਹੋਰ ਸਹੂਲਤਾਂ ਉਥੇ ਦੇ ਸਰਕਾਰੀ ਕਰਮਚਾਰੀਆਂ ਨੂੰ ਮਿਲ ਗਈਆਂ ਹਨ।