ਗਗਨਦੀਪ ਅਰੋੜਾ
ਲੁਧਿਆਣਾ, 12 ਮਾਰਚ
ਵਿਧਾਨਸਭਾ ਚੋਣਾਂ ਵਿੱਚ 92 ਸੀਟਾਂ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਭਾਵੇਂ ਹਾਲੇ ਸਹੁੰ ਵੀ ਨਹੀਂ ਚੁੱਕੀ, ਪਰ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਲਕਾ ਉੱਤਰੀ ਤੋਂ ਨਵੇਂ ਚੁਣੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੁੱਢੇ ਨਾਲੇ ਦੇ ਨਾਲ ਲੱਗਦੀ ਸੜਕ ’ਤੇ ਬੁਲਾਇਆ ਤੇ ਉਥੇਂ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਦੱਖਣੀ ਹਲਕੇ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਵੀ ਨਗਰ ਨਿਗਮ ਜ਼ੋਨ-ਸੀ ਦੇ ਅਧਿਕਾਰੀਆਂ ਦੇ ਨਾਲ ਇਲਾਕੇ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਦੋਹਾਂ ਵਿਧਾਇਕਾਂ ਨੇ ਪਹਿਲੇ ਦਿਨ ਸੜਕਾਂ ’ਤੇ ਉਤਰੇ ਦੇਖ ਆਮ ਲੋਕ ਵੀ ਹੈਰਾਨ ਰਹਿ ਗਏ।
‘ਆਪ’ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸ਼ਨਿੱਚਰਵਾਰ ਨੂੰ ਸਰਕਾਰੀ ਅਧਿਕਾਰੀਆਂ ਦੀ ਫੌਜ ਦੇ ਨਾਲ ਸੜਕਾਂ ’ਤੇ ਉਤਰ ਕੇ ਗੰਦੇ ਨਾਲੇ ਦੀ ਸਫ਼ਾਈ ਦਾ ਪ੍ਰਬੰਧ ਤੇ ਇਸ ’ਚ ਸੁਧਾਰ ਕਰ ਨਾਲੇ ਦੇ ਆਸ-ਪਾਸ ਗ੍ਰੀਨ ਬੈਲਟ ਬਣਾਉਣ ਲਈ ਸਖ਼ਤੀ ਨਾਲ ਹੁਕਮ ਦਿੱਤੇ। ਉਧਰ ਹੈਬੋਵਾਲ ਸਥਿਤ ਜੱਸੀਆ ਰੋਡ, ਹੈਬੋਵਾਲ ਮੁੱਖ ਸੜਕ ਸਮੇਤ ਹੋਰ ਸੜਕਾਂ ਦਾ ਜਾਇਜ਼ਾ ਲੈ ਕੇ ਵਰਤੀ ਜਾ ਰਹੀ ਘਟੀਆ ਸਮੱਗਰੀ ’ਤੇ ਐਕਸ਼ਨ ਲੈਂਦਿਆ ਕੰਮ ਬੰਦ ਕਰਨ ਦੇ ਹੁਕਮ ਕੀਤੇ। ਉਧਰ, ਸੜਕ ਬਣਾਉਣ ਦੌਰਾਨ ਗਾਇਬ ਨਿਗਮ ਦੇ ਜੇਈ ਦੇ ਬਾਰੇ ਵੀ ਐੱਸਡੀਓ ਨੂੰ ਜਵਾਬ ਤਲਬ ਕੀਤਾ। ਆਮ ਤੌਰ ’ਤੇ ਜਨਤਾ ਦੀਆਂ ਮੁਸ਼ਕਿਲਾਂ ਤੋਂ ਦੂਰ ਭੱਜਣ ਵਾਲੇ ਨਗਰ ਨਿਗਮ ਅਧਿਕਾਰੀ ਵੀ ਹੁਣ ਜਨਤਾ ਦੀ ਗੱਲ ਸੁਣਨ ਦੀ ਗੱਲ ਕਰਦੇ ਰਹੇ। ਮੀਡੀਆ ਦੇ ਵੱਲੋਂ ਉਨ੍ਹਾਂ ਨੂੰ ਸਾਬਕਾ ਰਾਜ ਮੰਤਰੀ ਦੱਸਣ ’ਤੇ ਉਨ੍ਹਾਂ ਕਿਹਾ ਕਿ ਰਾਜ ਮੰਤਰੀ ਰਹਿੰਦੇ ਗਠਜੋੜ ਵਿਧਾਨ ਸਭਾ ਉਤਰੀ ਸੀਟ ਭਾਜਪਾ ਦੇ ਕੋਟੇ ’ਚ ਹੋਣ ਦੇ ਚੱਲਦੇ ਉਨ੍ਹਾਂ ਦੀ ਜ਼ੁਬਾਨ ਅਤੇ ਹੱਥ ਬੰਨ੍ਹੇ ਹੋਏ ਸਨ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਕਿਸੇ ਖਾਸ ਦੀ ਨਹੀਂ ਬਲਕਿ ਆਮ ਜਨਤਾ ਦੀਆਂ ਜ਼ਰੂਰਤਾਂ ਤੇ ਮੁਸ਼ਕਿਲਾਂ ਦਾ ਹੱਲ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਬੱਗਾ ਨੇ ਆਪਣੇ 10 ਸਾਲ ਦੇ ਕੌਂਸਲਰ ਸਮੇਂ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਯਾਦ ਦਵਾਇਆ ਕਿ ਛਾਉਣੀ ਮੁਹੱਲਾ ਤੋਂ ਜਲੰਧਰ ਬਾਈਪਾਸ ਚੌਕ ਤੱਕ ਗਰੀਨ ਬੈਲਟ ਉਨ੍ਹਾਂ ਦੀ ਪ੍ਰਾਪਤੀ ਹੈ। ਨਗਰ ਨਿਗਮ ਨਾਲ ਸੰਬੰਧਤ ਸਮੱਸਿਆਵਾਂ ਤੋਂ ਇਲਾਵਾ ਸਥਾਨਕ ਲੋਕਾਂ ਨੇ ਭੂਰੀ ਵਾਲਾ ਗੁਰਦੁਆਰਾ ਸਾਹਿਬ ਨੇੜੇ ਬਿਜਲੀ ਦੀਆਂ ਤਾਰਾਂ ਦੀ ਬੁਰੀ ਹਾਲਾਤ ਵੱਲ ਵੀ ਵਿਧਾਇਕ ਬੱਗਾ ਦਾ ਧਿਆਨ ਦਵਾਇਆ।
ਵਿਧਾਇਕ ਛੀਨਾ ਵੀ ਅਧਿਕਾਰੀਆਂ ਨਾਲ ਸੜਕਾਂ ’ਤੇ ਨਜ਼ਰ ਆਈ
ਹਲਕਾ ਦੱਖਣੀ ’ਚ ‘ਆਪ’ ਦੀ ਨਵੀਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੀ ਅਧਿਕਾਰੀਆਂ ਦੇ ਨਾਲ ਸੜਕਾਂ ’ਤੇ ਨਜ਼ਰ ਆਈ ਛੀਨਾ ਨੇ ਦੱਸਿਆ ਕਿ ਪਹਿਲਾਂ ਦੇ ਵਿਧਾਇਕਾਂ ਨੇ ਜੋ ਕੀਤਾ, ਹੁਣ ਉਹ ਕਦੇ ਵੀ ਨਹੀਂ ਹੋਵੇਗਾ। ਹੁਣ ਹੋਵੇਗਾ ਤਾਂ ਸਿਰਫ਼ ਇਲਾਕੇ ਦਾ ਵਿਕਾਸ। 10 ਸਾਲ ’ਚ ਇਲਾਕਾ ਕਾਫ਼ੀ ਪਿੱਛੇ ਰਹਿ ਗਿਆ ਹੈ। ਹੁਣ ਸਰਕਾਰ ਆਮ ਲੋਕਾਂ ਦੀ ਹੈ ਤੇ ਆਮ ਲੋਕਾਂ ਦੇ ਹਰ ਕੰਮ ਨੂੰ ਪਹਿਲ ਦਿੱਤੀ ਜਾਵੇਗੀ। ਅਧਿਕਾਰੀਆਂ ਨੂੰ ਸਾਫ਼ ਹੁਕਮ ਦਿੱਤੇ ਗਏ ਹਨ ਕਿ ਹੁਣ ਸਿਰਫ਼ ਕੰਮ ਕੀਤਾ ਜਾਵੇਗਾ ਅਤੇ ਜਨਤਾ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸੇ ਤਰ੍ਹਾਂ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਪੂਰਬੀ ਤੋਂ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਵੀ ਆਪਣੇ ਇਲਾਕੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ।