ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਪਰੈਲ
ਵਿਦੇਸ਼ ’ਚ ਜਾ ਕੇ ਪੜ੍ਹਨ ਅਤੇ ਉਥੇ ਕੰਮ ਧੰਦਾ ਕਰ ਕੇ ਸੈਟਲ ਹੋਣ ਦਾ ਕਰਜ਼ੇ ਪੰਜਾਬ ਦੇ ਨੌਜਵਾਨਾਂ ’ਚ ਘਟਣ ਦਾ ਨਾਮ ਨਹੀਂ ਲੈ ਰਿਹਾ। ਇਸੇ ਚੱਕਰ ’ਚ ਕਈ ਨੌਜਵਾਨ ਆਪਣੇ ਪੈਸੇ ਫਸਾ ਰਹੇ ਹਨ ਤੇ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਕੁਝ ਨੌਜਵਾਨਾਂ ਦੇ ਪੈਸੇ ਤਾਂ ਵਿਦੇਸ਼ੀ ਕਾਲਜਾਂ ’ਚ ਜਮ੍ਹਾਂ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਜਾ ਰਿਹਾ। ਜਿਸ ਸਬੰਧੀ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ‘ਆਪ’ ਵਿਧਾਇਕ ਗੁਰਪ੍ਰੀਤ ਬਾਸੀ ਗੋਗੀ ਨੂੰ ਅਪੀਲ ਕੀਤੀ ਸੀ। ਸ੍ਰੀ ਗੋਗੀ ਨੇ ਕਈ ਤਰ੍ਹਾਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਕੰਸਲਟੈਂਟ ਏਜੰਸੀਆਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਸ੍ਰੀ ਗੋਗੀ ਨੇ ਕਿਹਾ ਕਿ ਜਾਂ ਤਾਂ ਨੌਜਵਾਨਾਂ ਨੂੰ ਸਤੰਬਰ ਤੱਕ ਉਨ੍ਹਾਂ ਦਾ ਵੀਜ਼ਾ ਦਿਵਾਇਆ ਜਾਵੇ ਜਾਂ ਫਿਰ ਉਨ੍ਹਾਂ ਦੇ ਸਾਰੇ ਪੈਸੇ ਵਾਪਸ ਕੀਤੇ ਜਾਣ ਤਾਂ ਕਿ ਉਹ ਕੋਈ ਹੋਰ ਹੱਲ ਕਰ ਆਪਣਾ ਭਵਿੱਖ ਸੁਧਾਰ ਸਕਣ। ਇਸ ਮਾਮਲੇ ’ਚ ਸੋਮਵਾਰ ਵਿਧਾਇਕ ਗੋਗੀ ਨੇ ਸਰਕਟ ਹਾਊਸ ’ਚ ਪ੍ਰਾਈਵੇਟ ਕਸੰਟੈਂਟ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਦੱਸਿਆ ਕਿ ਆਈਡੀਪੀ ਕੰਸਲਟੈਂਟ ਦੇ ਰਾਹੀਂ ਉਨ੍ਹਾਂ ਨੇ ਲੱਖਾਂ ਰੁਪਏ ਕਾਲਜ ਫੀਸ ਜਮ੍ਹਾਂ ਕਰਵਾਈ ਹੈ, ਪਰ ਉਨ੍ਹਾਂ ਦੇ ਬੱਚਿਆਂ ਦਾ ਹਾਲੇ ਤੱਕ ਕਾਲਜ ਨੇ ਵੀਜ਼ੀ ਨਹੀਂ ਭੇਜਿਆ। ਬੱਚੇ ਕਰੀਬ 2 ਸਾਲ ਤੋਂ ਕਰੋਨਾ ਦੇ ਚੱਲਦੇ ਆਨਲਾਈਨ ਕਲਾਸਾਂ ਲਾ ਰਹੇ ਹਨ। ਉੱਧਰ ਕੈਨੇਡਾ ਦੇ ਕਈ ਕਾਲਜਾਂ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਦੀ ਪੂਰੀ ਫੀਸ ਏਜੰਸੀ ਰਾਹੀਂ ਭੇਜੀ ਗਈ ਸੀ। ਪੰਜਾਬ ਦੇ ਨੌਜਵਾਨਾਂ ਦੇ ਪੈਸੇ ਬਰਬਾਦ ਹੋ ਗਏ ਹਨ। ਵਿਧਾਇਕ ਗੋਗੀ ਨੇ ਆਈਡੀਪੀ ਕੰਸਲਟੈਂਟ ਏਜੰਸੀ ਦੇ ਮੈਨੇਜਰ ਨੂੰ ਸਪੱਸ਼ਟ ਕਿਹਾ ਕਿ ਬੱਚਿਆਂ ਦੇ ਭਵਿੱਖ ਨਾਲ ਕੋਈ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ, ਜੋ ਬੱਚੇ ਵਿਦੇਸ਼ ’ਚ ਪੜ੍ਹਨਾ ਚਾਹੁੰਦੇ ਹਨ, ਤੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਦਾ ਸਤੰਬਰ ਤੱਕ ਵੀਜ਼ਾ ਲਾਇਆ ਜਾਵੇ। ਜੋ ਬੱਚੇ ਵਿਦੇਸ਼ ’ਚ ਨਹੀਂ ਜਾਣਾ ਚਾਹੁੰਦੇ, ਏਜੰਸੀ ਵਿਦੇਸ਼ ’ਚ ਕਾਲਜਾਂ ਨਾਲ ਗੱਲ ਕਰ ਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ। ਜਿਨ੍ਹਾਂ ਬੱਚਿਆਂ ਨੇ ਵਿਦੇਸ਼ ਜਾਣਾ ਹੈ, ਉਨ੍ਹਾਂ ਦੇ ਮੈਡੀਕਲ ਤੇ ਹੋਰ ਖਰਚੇ ਪ੍ਰਾਈਵੇਟ ਕੰਪਨੀ ਨੂੰ ਕਰਨੇ ਪੈਣਗੇ। ਵਿਧਾਇਕ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨਾਂ ਦੀ ਵੋਟ ਨਾਲ ਸੱਤਾ ’ਚ ਆਈ ਹੈ। ਨੌਜਵਾਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ। ਏਜੰਸੀ ਤੋਂ ਬੱਚਿਆਂ ਦੇ ਨਾਂ ’ਤੇ ਸਤੰਬਰ ਮਹੀਨੇ ਤੱਕ ਚੈੱਕ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਜੇਕਰ ਇਸਦਾ ਹੱਲ ਨਾ ਨਿਕਲਿਆ ਤਾਂ ਸੰਬੰਧਤ ਏਜੰਸੀਆਂ ਦੇ ਖ਼ਿਲਾਫ਼ ਕਾਰਵਾਈ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇ। ਉਹ ਖੁਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ। ਆਈਡੀਪੀ ਦੇ ਪੰਜਾਬ ਮੈਨੇਜਰ ਜਸਮੀਤ ਸਿੰਘ ਨੇ ਕਿਹਾ ਕਿ ਜੋ ਬੱਚੇ ਉਨ੍ਹਾਂ ਦੀ ਏਜੰਸੀ ਦੇ ਰਾਹੀਂ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਜੇਕਰ ਆਈਲੈਟਸ ਖਤਮ ਹੋ ਗਈ ਹੈ ਤਾਂ ਏਜੰਸੀ ਉਨ੍ਹਾਂ ਨੂੰ ਮੁਫ਼ਤ ’ਚ ਆਈਲੈਟਸ ਕਰਵਾ ਕੇ ਦੇਵੇਗੀ। ਜੇਕਰ ਫਿਰ ਵੀ ਬੱਚੇ ਬਾਹਰ ਨਾ ਜਾ ਪਾਏ ਤਾਂ ਉਨ੍ਹਾਂ ਦੀ ਏਜੰਸੀ ਬੱਚਿਆਂ ਦੇ ਪੈਸੇ ਵਾਪਸ ਕਰੇਗੀ।