ਲੁਧਿਆਣਾ: ਪਿਛਲੇ ਪੰਜ ਸਾਲਾਂ ’ਚ ਸਨਅਤੀ ਸ਼ਹਿਰ ’ਚ ਵਿਧਾਇਕ ਦੀ ਕੁਰਸੀ ’ਤੇ ਬੈਠ ਰਾਜ ਕਰਨ ਵਾਲੇ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਦੇ ਵੋਟ ਬੈਂਕ ’ਚ ਸੰਨ੍ਹ ਲਾਉਣ ’ਚ ‘ਆਪ’ ਦੇ ਨਵੇਂ ਉਮੀਦਵਾਰ ਕਾਮਯਾਬ ਰਹੇ। ਜਿਨ੍ਹਾਂ ਵਿਧਾਇਕਾਂ ਦੀ ਜਿੰਨੀ ਜਿੱਤ ਦੀ ਲੀਡ ਸੀ, ਉਹ ਉੰਨੀਆਂ ਵੋਟਾਂ ਵੀ ਨਹੀਂ ਲੈ ਸਕੇ। ਜਿਸ ਤੋਂ ਸਾਫ਼ ਹੈ ਕਿ ‘ਆਪ’ ਨੇ ਸੱਤਾਧਾਰੀ ਪਾਰਟੀ ਨੂੰ ਤਾਂ ਨੁਕਸਾਨ ਪਹੁੰਚਾਇਆ ਹੀ, ਨਾਲ ਹੀ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਨੂੰ ਵੀ ਨੁਕਸਾਨ ਚੁੱਕਣਾ ਪਿਆ। ਮੌਜੂਦਾ ਕੈਬਨਿਟ ਮੰਤਰੀ ਗੁਕੀਰਤ ਸਿੰਘ ਕੋਟਲੀ ਅਤੇ ਭਾਰਤ ਭੂਸ਼ਣ ਆਸ਼ੂ ਵੀ ਕਾਫ਼ੀ ਵੱਡੀ ਗਿਣਤੀ ’ਚ ਵੋਟਾਂ ਗਵਾ ਬੈਠੇ। ਇਸ ਤੋਂ ਇਲਾਵਾ ਮੌਜੂਦਾ ਵਿਧਾਇਕਾਂ ਨੂੰ ਵੋਟਾਂ ਦੀ ਗਿਣਤੀ ਵੀ ਕਾਫ਼ੀ ਘੱਟ ਗਈ। ਪੰਜਾਬ ’ਚ ਵਿਕਾਸ ਦੇ ਨਾਂ ’ਤੇ ਚੋਣ ਲੜ ਰਹੀ ਕਾਂਗਰਸ ਨੇ 2017 ’ਚ 14 ’ਚੋਂ 8 ਸੀਟਾਂ ’ਤੇ ਆਪਣਾ ਕਬਜ਼ਾ ਕੀਤਾ ਸੀ। ਜਿਸ ’ਚ ਸ਼ਹਿਰ ਦੀਆਂ ਚਾਰ ਸੀਟਾਂ ਸ਼ਾਮਲ ਸਨ। ਹਲਕਾ ਪੂਰਬੀ ਤੋਂ ਵਿਧਾਇਕ ਸੰਜੇ ਤਲਵਾੜ ਨੂੰ ਪਿਛਲੀ ਵਾਰ 43,010 ਵੋਟਾਂ ਪਈਆਂ ਸਨ, ਇਸ ਵਾਰ 28,538 ਵੋਟਾਂ ਪਈਆਂ ਹਨ। ਹਲਕਾ ਕੇਂਦਰੀ ਦੀ ਗੱਲ ਕੀਤੀ ਜਾਵੇ ਤਾਂ ਸੁਰਿੰਦਰ ਡਾਬਰ ਨੂੰ ਪਿਛਲੀ ਵਾਰ 47,871 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਉਹ ਤੀਸਰੇ ਨੰਬਰ ’ਤੇ ਰਹੇ ਤੇ ਉਨ੍ਹਾਂ ਨੂੰ ਸਿਰਫ਼ 26,972 ਵੋਟਾਂ ਪਈਆਂ ਹਨ। ਹਲਕਾ ਉੱਤਰੀ ਤੋਂ ਵਿਧਾਇਕ ਰਾਕੇਸ਼ ਪਾਂਡੇ ਨੂੰ ਪਿਛਲੀ ਵਾਰ 2017 ’ਚ 44,864 ਵੋਟਾਂ ਪਈਆਂ ਸਨ, ਜਦੋਂ ਕਿ ਇਸ ਵਾਰ ਉਨ੍ਹਾਂ ਨੂੰ 32,931 ਵੋਟਾਂ ਮਿਲੀਆਂ ਹਨ। ਹਲਕਾ ਆਤਮ ਨਗਰ ਦੀ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਸਿੰਘ ਬੈਂਸ 53421 ਵੋਟਾਂ ਲੈ ਕੇ ਜਿੱਤੇ ਸਨ, ਪਰ ਇਸ ਵਾਰ ਉਨ੍ਹਾਂ ਨੂੰ 12 ਹਜ਼ਾਰ ਵੋਟਾਂ ਹੀ ਮਿਲੀਆਂ ਹਨ। ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ 55,690 ਵੋਟਾਂ ਨਾਲ ਪਿਛਲੀ ਵਾਰ ਜੇਤੂ ਰਹੇ ਸਨ, ਪਰ ਇਸ ਵਾਰ ਉਨ੍ਹਾਂ ਨੂੰ 20,305 ਵੋਟਾਂ ਹੀ ਮਿਲੀਆਂ ਹਨ। ਗਿੱਲ ਹਲਕੇ ਤੋਂ ਪਿਛਲੀ ਵਾਰ ਕੁਲਦੀਪ ਸਿੰਘ ਵੈਦ ਨੂੰ 67,927 ਵੋਟਾਂ ਮਿਲੀਆਂ ਸਨ, ਪਰ ਇਸ ਵਾਰ ਕੁਲਦੀਪ ਵੈਦ ਤੀਸਰੇ ਨੰਬਰ ’ਤੇ ਰਹੇ ਅਤੇ ਉਨ੍ਹਾਂ ਨੂੰ 33,786 ਵੋਟਾਂ ਹੀ ਮਿਲੀਆਂ। ਹਲਕਾ ਪਾਇਲ ਤੋਂ ਲਖਵੀਰ ਸਿੰਘ ਲੱਖਾ ਨੂੰ ਪਿਛਲੀ ਵਾਰ 57,776 ਵੋਟਾਂ ਮਿਲੀਆਂ ਸਨ ਤੇ ਇਸ ਵਾਰ ਉਨ੍ਹਾਂ ਨੂੰ 30,624 ਵੋਟਾਂ ਮਿਲੀਆਂ। ਰਾਏਕੋਟ ਤੋਂ ਵਿਧਾਇਕ ਰਹੇ ਜਗਤਾਰ ਸਿੰਘ ਹਿੱਸੋਵਾਲ ਨੂੰ 2017 ’ਚ 48,245 ਵੋਟਾਂ ਮਿਲੀਆਂ ਸਨ, ਪਰ ਇਸ ਵਾਰ ਉਹ ਜਗਰਾਉਂ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਇਸ ਵਾਰ ਉਨ੍ਹਾਂ ਨੂੰ 25 ਹਜ਼ਾਰ ਤੋਂ ਵੀ ਘੱਟ ਵੋਟ ਮਿਲੇ। ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ 51,930 ਵੋਟਾਂ ਲੈ ਕੇ ਵਿਧਾਇਕ ਬਣੇ ਸਨ, ਪਰ ਇਸ ਵਾਰ ਆਜ਼ਾਦ ਚੋਣ ਲੜੇ ਤੇ ਉਨ੍ਹਾਂ ਨੂੰ 7,655 ਵੋਟਾਂ ਪਈਆਂ ਤੇ ਉਹ ਪੰਜਵੇਂ ਨੰਬਰ ’ਤੇ ਰਹੇ। ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਨੂੰ 2017 ਵਿੱਚ 63184 ਵੋਟਾਂ ਪਈਆਂ ਸਨ, ਪਰ ਇਸ ਵਾਰ ਉਹ ਵੀ 20369 ਵੋਟਾਂ ਨਾਲ ਤੀਸਰੇ ਨੰਬਰ ’ਤੇ ਰਹੇ।