ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਪਿਛਲੇਂ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੇ ਹੈਬੋਵਾਲ ਦੀ ਸੁਰਜੀਤ ਕਲੋਨੀ ਵਾਸੀ ਲਵੀ ਸ਼ਰਮਾ ਨੇ ਸ਼ੱਕੀ ਹਲਾਤਾਂ ’ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਉਸ ਦੀ ਪਤਨੀ ਉਸ ਨੂੰ ਸੱਦਣ ਲਈ ਅੰਦਰ ਗਈ। ਥਾਣਾ ਹੈਬੋਵਾਲ ਦੀ ਪੁਲੀਸ ਵੱਲੋਂ ਜਾਂਚ ਮਗਰੋਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ।
ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਲਵੀ ਸ਼ਰਮਾ ਫਲੈਕਸ ਬੋਰਡ ਦਾ ਕੰਮ ਕਰਦਾ ਸੀ। ਉਸਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਇੱਕ 2 ਸਾਲ ਦਾ ਬੱਚਾ ਵੀ ਹੈ। ਪੁਲੀਸ ਦਾ ਕਹਿਣਾ ਹੈ ਕਿ ਲਵੀ ਦੀ ਪਤਨੀ ਦੇ ਅਨੁਸਾਰ ਲਵੀ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਕਈ ਵਾਰ ਲਵੀ ਤੋਂ ਪੁੱਛਿਆ, ਪਰ ਲਵੀ ਨੇ ਕੁਝ ਨਹੀਂ ਦੱਸਿਆ ਤੇ ਉਹ ਪਿਛਲੇ 2 ਦਿਨ ਤੋਂ ਗੱਲਬਾਤ ਵੀ ਬਹੁਤ ਘੱਟ ਕਰ ਰਿਹਾ ਸੀ। ਮੰਗਲਵਾਰ ਦੀ ਦੇਰ ਰਾਤ ਨੂੰ ਉਹ ਦੁਕਾਨ ਤੋਂ ਘਰ ਆ ਕੇ ਆਪਣੇ ਕਮਰੇ ’ਚ ਗਿਆ ਤੇ ਕਮਰੇ ਦੇ ਦਰਵਾਜ਼ੇ ਨੂੰ ਕੁੰਡੀ ਲਾ ਲਈ। ਜਦੋਂ ਉਸ ਦੀ ਪਤਨੀ ਨੇ ਦਰਵਾਜ਼ਾ ਖੜਕਾਇਆ ਤਾਂ ਲਵੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਉਸਨੇ ਪਰਿਵਾਰਕ ਮੈਂਬਰਾਂ ਨੂੰ ਸੱਦਿਆ। ਉਨ੍ਹਾਂ ਖਿੜਕੀ ਨਾਲ ਦੇਖਿਆ ਤਾਂ ਲਵੀ ਫਾਹੇ ਨਾਲ ਲਟਕ ਰਿਹਾ ਸੀ। ਉਨ੍ਹਾਂ ਕਿਸੇ ਤਰ੍ਹਾਂ ਦਰਵਾਜ਼ਾ ਤੋੜਿਆ ਅਤੇ ਲਵੀ ਨੂੰ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਪੁਲੀਸ ਪੁੱਜੀ ਤੇ ਲਾਸ਼ ਪੋਸਮਾਰਟਮ ਲਈ ਭੇਜ ਦਿੱਤੀ।