ਪੱਤਰ ਪ੍ਰੇਰਕ
ਦੋਰਾਹਾ, 30 ਅਗਸਤ
ਇੱਥੋਂ ਨੇੜਲੇ ਪਿੰਡ ਬਰਮਾਲੀਪੁਰ ਵਿੱਚ ਕੁਸ਼ਤੀ ਸੰਸਥਾ ਦੇ ਬੈਨਰ ਹੇਠ ਬਾਬਾ ਕਾਲਾ ਮਹਿਰ ਸਾਹਿਬ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐੱਸਪੀ ਮੁਕੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਸੀਨੀਅਰ ਪੰਜਾਬ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਪੰਜਾਬ 23 ਜ਼ਿਲ੍ਹਿਆਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਕੁਸ਼ਤੀ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ।
ਇਸ ਮੌਕੇ ਲੜਕੇ ਫਾਈਨਲ 125 ਕਿਲੋ ਦੇ ਮੁਕਾਬਲੇ ’ਚ ਗੁਰਮੀਤ ਸਿੰਘ ਰੋਪੜ, 97 ਕਿਲੋ ’ਚ ਸਾਹਿਲ ਮਾਨਸਾ, 86 ਕਿਲੋ ’ਚ ਸੰਦੀਪ ਖੰਨਾ, 74 ਕਿਲੋ ’ਚ ਪ੍ਰਤੀਕ ਮੁਹਾਲੀ, 65 ਕਿਲੋ ’ਚ ਜਸਕਰਨ ਪਟਿਆਲਾ ਨੇ ਗੋਲਡ ਮੈਡਲ ਜਿੱਤੇ।
ਜੇਤੂ ਪਹਿਲਵਾਨਾਂ ਨੂੰ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸੰਤ ਦਰਸ਼ਨ ਸਿੰਘ ਢੱਕੀ ਸਾਹਿਬ ਵਾਲਿਆਂ ਨੇ ਸਰਟੀਫ਼ਿਕੇਟਾਂ ਅਤੇ ਨਕਦ ਰਾਸ਼ੀ ਦੀ ਵੰਡ ਕੀਤੀ। ਇਸ ਮੌਕੇ ਗੁਰਮੇਲ ਸਿੰਘ, ਗਿਆਨ ਸਿੰਘ, ਰਵੀ ਕੁਮਾਰ, ਜਸਪਾਲ ਸਿੰਘ, ਸਵਰਨਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।