ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਗਸਤ
ਇੱਥੇ ਸਲੇਮ ਟਾਬਰੀ ਇਲਾਕੇ ’ਚ ਰਹਿਣ ਵਾਲੀ ਔਰਤ ਸੁਮਨ ਨੇ ਆਪਣੇ ਨਣਦੋਈ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਕਾਰਨ ਬੁੱਧਵਾਰ ਨੂੰ ਜ਼ਹਿਰ ਖਾ ਲਿਆ। ਇਸ ਤੋਂ ਬਾਅਦ ਉਸ ਦੀ ਸਿਹਤ ਖ਼ਰਾਬ ਹੋ ਗਈ ਤਾਂ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਔਰਤ ਸੁਮਨ ਦੇ ਪਤੀ ਰਾਹੁਲ ਨੇ ਦੱਸਿਆ ਕਿ ਉਹ ਇਲਾਕੇ ’ਚ ਹੀ ਰੇਹੜੀ ਲਗਾਉਂਦਾ ਹੈ। ਰਾਹੁਲ ਨੇ ਦੱਸਿਆ ਕਿ ਪਿਛਲੇ ਕਰੀਬ 2-3 ਸਾਲ ਤੋਂ ਉਸ ਦਾ ਜੀਜਾ ਲਗਾਤਾਰ ਉਸ ਦੀ ਪਤਨੀ ਨੂੰ ਪ੍ਰੇਸ਼ਾਨ ਕਰਦਾ ਹੈ। ਸੁਮਨ ਨੇ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ ਸੀ। ਥਾਣਾ ਸਲੇਮ ਟਾਬਰੀ ਪੁਲੀਸ ਨੇ ਇੱਕ ਵਾਰ ਕਾਰਵਾਈ ਕਰ ਦਿੱਤੀ ਸੀ। ਲੋਕਾਂ ਦੇ ਇਕੱਠ ਵਿੱਚ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਉਹ ਫਿਰ ਤੋਂ ਉਸ ਦੀ ਪਤਨੀ ਨੂੰ ਪ੍ਰੇਸ਼ਾਨ ਕਰਨ ਲੱਗਾ। ਉਹ ਧਮਕੀਆਂ ਦੇ ਰਿਹਾ ਸੀ ਕਿ ਉਹ ਸੁਮਨ ਦੀ ਅਸ਼ਲੀਲ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਕਰੇਗਾ। ਉਹ ਪ੍ਰਾਪਰਟੀ ਅਤੇ ਪੈਸੇ ਦੀ ਮੰਗ ਕਰ ਰਿਹਾ ਹੈ। ਬੁੱਧਵਾਰ ਨੂੰ ਉਹ ਦੋਵੇਂ ਪਤੀ-ਪਤਨੀ ਰੇਹੜੀ ’ਤੇ ਖੜ੍ਹੇ ਸਨ। ਉਸ ਦੇ ਜੀਜਾ ਨੇ ਫਿਰ ਆ ਕੇ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਸ ਦੀ ਪਤਨੀ ਘਰ ਚਲੀ ਗਈ ਤੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਸ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।