ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਸਤੰਬਰ
ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿਚ ਹਲਕਾ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਥਾਂ ਮਿਲ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਕੋਟਲੀ ਦੇ ਪਿਤਾ ਤੇ ਹਲਕਾ ਪਾਇਲ ਤੋਂ ਵਿਧਾਇਕ ਰਹੇ ਤੇਜ ਪ੍ਰਕਾਸ਼ ਕੋਟਲੀ ਵੀ ਟ੍ਰਾਂਸਪੋਰਟ ਮੰਤਰੀ ਰਹਿ ਚੁੱਕੇ ਹਨ। ਕਰੀਬ ਤਿੰਨ ਦਹਾਕਿਆਂ ਪਿੱਛੋਂ ਹਲਕਾ ਖੰਨਾ ਨੂੰ ਪੰਜਾਬ ਸਰਕਾਰ ਵਿਚ ਮੁੜ ਨੁਮਾਇੰਦਗੀ ਮਿਲੀ ਹੈ। ਇਸ ਤੋਂ ਪਹਿਲਾ ਸਮਸ਼ੇਰ ਸਿੰਘ ਦੂਲੋਂ 1992 ਵਿਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵਿਚ ਕਰ ਤੇ ਆਬਕਾਰੀ ਮੰਤਰੀ ਸਨ ਜੋ ਹੁਣ ਰਾਜ ਸਭਾ ਮੈਂਬਰ ਹਨ। ਗੁਰਕੀਰਤ ਸਿੰਘ ਕੋਟਲੀ ਦੇ ਮੰਤਰੀ ਬਣਨ ਦੇ ਮੱਦੇਨਜ਼ਰ ਅੱਜ ਖੰਨਾ ਹਲਕੇ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਪਾਈ ਗਈ ਤੇ ਲੱਡੂ ਵੰਡੇ ਗਏ। ਇਥੋਂ ਦੇ ਕਾਂਗਰਸ ਦਫ਼ਤਰ ਵਿਚ ਵੀ ਡਾ.ਗੁਰਮੁੱਖ ਸਿੰਘ ਚਾਹਲ ਦੀ ਅਗਵਾਈ ਹੇਠਾਂ ਕਾਂਗਰਸੀ ਵਰਕਰਾਂ ਦਾ ਇੱਕਠ ਹੋਇਆ। ਇਸ ਮੌਕੇ ਵਿਕਾਸ ਮਹਿਤਾ, ਸੰਦੀਪ ਘਈ, ਹਰਦੀਪ ਸਿੰਘ ਨੀਨੂੰ, ਰਵਿੰਦਰ ਸਿੰਘ ਬੱਬੂ, ਨਰਿੰਦਰ ਵਰਮਾ, ਤਰੁਣ ਲੂੰਬਾ, ਪ੍ਰੀਆ ਧੀਮਾਨ, ਸੋਨੂੰ ਸੋਫ਼ਤ, ਜਿੰਮੀ ਮਲਹੋਤਰਾ, ਹਰਜਿੰਦਰ ਸਿੰਘ, ਹਰਪਾਲ ਸਿੰਘ ਹਾਜ਼ਰ ਸਨ।