ਜਸਬੀਰ ਸ਼ੇਤਰਾ
ਜਗਰਾਉਂ, 5 ਜੂਨ
‘ਚਿੱਟੇ’ ਖ਼ਿਲਾਫ਼ ਥਾਣਾ ਘੇਰ ਚੁੱਕੇ ਗਾਲਬਿ ਕਲਾਂ ਨਿਵਾਸੀਆਂ ਨੇ ਅੱਜ ਨਸ਼ਿਆਂ ਖ਼ਿਲਾਫ਼ ਪਿੰਡ ’ਚ ਪੈਦਲ ਮਾਰਚ ਕੱਢਿਆ। ਪਿੰਡ ਬੱਸ ਅੱਡੇ ਤੋਂ ਸ਼ੁਰੂ ਹੋਏ ਪੈਦਲ ਮਾਰਚ ’ਚ ਔਰਤਾਂ ਵੀ ਸ਼ਾਮਲ ਹੋਈਆਂ। ਪਿੰਡ ਦੀ ਫਿਰਨੀ ’ਤੇ ਨਾਅਰੇਬਾਜ਼ੀ ਕਰਦਿਆਂ ਪਿੰਡ ਵਾਸੀਆਂ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਲੋਕਾਂ ਦੇ ਸਾਥ ਦੀ ਮੰਗ ਕੀਤੀ ਹੈ।
ਗਰਾਮ ਪੰਚਾਇਤ, ਨੌਜਵਾਨ ਸਭਾ ਤੇ ਨਗਰ ਨਿਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਏਕਤਾ ਨਾਲ ‘ਚਿੱਟੇ’ ਖ਼ਿਲਾਫ਼ ਇਹ ਮੁਹਿੰਮ ਵਿੱਢੀ ਹੈ। ਪੈਦਲ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ’ਤੇ ‘ਚਿੱਟਾ ਛੱਡੋ ਕੋਹੜ ਵੱਢੋ’, ‘ਛੱਡੋ ਸ਼ਰਾਬ, ਕਰੋ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ’, ‘ਨਸ਼ੇ ਛੱਡੋ ਗੁਰਬਾਣੀ ਦੇ ਲੜ ਲੱਗੋ’ ‘ਗਾਲਬਿ ਕਲਾਂ ਨੂੰ ਕਰਾਂਗੇ ਨਸ਼ਾ ਮੁਕਤ’, ‘ਹੱਕਾਂ ਲਵਾਂਗੇ ਏਕੇ ਨਾਲ’ ਆਦਿ ਨਾਅਰੇ ਲਿਖੇ ਹੋਏ ਸਨ। ਪਿੰਡ ਵਾਸੀਆਂ ਨੇ ‘ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰੋ’ ਦੇ ਨਾਅਰੇ ਵੀ ਲਾਏ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ’ਤੇ ਕਾਫੀ ਦਾਅਵੇ ਕੀਤੇ ਸਨ। ਰਹੀ ਹੈ। ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ। ਇਸ ਲਈ ‘ਆਪ’ ਸਰਕਾਰ ਨੂੰ ਹੁਣ ਨਸ਼ਿਆਂ ਦੇ ਖ਼ਾਤਮੇ ਲਈ ਠੋਸ ਰਣਨੀਤੀ ਉਲੀਕ ਕੇ ਕਾਰਵਾਈ ਅਮਲ ’ਚ ਲਿਆਉਣੀ ਚਾਹੀਦੀ ਹੈ। ਇਸ ਪੈਦਲ ਮਾਰਚ ’ਚ ਮੋਰਾ ਸਿੰਘ, ਗਿਆਨੀ ਸੁਖਦੀਪ ਸਿੰਘ ਖਾਲਸਾ, ਸਰਪੰਚ ਸਿਕੰਦਰ ਸਿੰਘ, ਮਨਦੀਪ ਸਿੰਘ ਬਿੱਟੂ ਗਾਲਬਿ, ਮਹਿੰਦਰ ਸਿੰਘ, ਪੰਚ ਬੀਬੀ ਗੁਰਦੀਪ ਕੌਰ ਆਦਿ ਨੇ ਕਿਹਾ ਕਿ ਪਿੰਡ ’ਚ ‘ਚਿੱਟੇ’ ਦੀ ਸ਼ਰ੍ਹੇਆਮ ਵਿਕਰੀ ਕਰਨ ਵਾਲੇ 9 ਨਸ਼ਾ ਤਸਕਰਾਂ ਖ਼ਿਲਾਫ਼ ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ, ਪਰ ਅੱਜ ਤੱਕ ਗ੍ਰਿਫ਼ਤਾਰੀ ਨਹੀਂ ਹੋਈ। ਉਲਟਾ ਇਸ ਸਬੰਧੀ ਆਵਾਜ਼ ਚੁੱਕਣ ਵਾਲਿਆਂ ਨੂੰ ਥਾਣੇ ਸੱਦ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਵਾਸੀਆਂ ਦੀ ਸਾਰ ਨਾ ਲੈਣ ਦਾ ਵੀ ਦੋਸ਼ ਲਾਇਆ। ਇਸ ਸਮੇਂ ਹਰਦੀਪ ਸਿੰਘ ਵਿੱਕੀ, ਅਜਮੇਰ ਸਿੰਘ, ਲਖਵੀਰ ਸਿੰਘ ਕੈਲਾ, ਜਸਵੀਰ ਸਿੰਘ ਸੀਰਾ (ਸਾਰੇ ਪੰਚ), ਵਕੀਲ ਸਿੰਘ ਪੀਲਾ, ਸੁਖਵਿੰਦਰ ਸਿੰਘ ਸੋਨੂੰ, ਬਿੱਲਾ ਗਾਲਬਿ, ਮਨਜੀਤ ਕੌਰ, ਹਰਵਿੰਦਰ ਸਿੰਘ ਆਦਿ ਮੌਜੂਦ ਸਨ।