ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਮਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਜੀਨੋਮ ਖੋਜ ’ਤੇ ਸਹਿਯੋਗੀ ਖੋਜ ਕਾਰਜ ਸ਼ੁਰੂ ਕਰਨ ਲਈ ਮੈਕਗਿਲ ਯੂਨੀਵਰਸਿਟੀ, ਕੈਨੇਡਾ ਦੇ ਪ੍ਰੋ. ਜਸਵਿੰਦਰ ਸਿੰਘ ਨੇ ’ਵਰਸਿਟੀ ਦਾ ਦੌਰਾ ਕੀਤਾ। ਇਸ ਤਕਨਾਲੋਜੀ ਦੀ ਡੀਐੱਨਏ ਨੂੰ ਜੋੜਨ, ਮਿਟਾਉਣ ਜਾਂ ਬਦਲਣ ਲਈ ਸੈੱਲਾਂ ਦੇ ਅੰਦਰ ਪੌਦਿਆਂ ਅਤੇ ਜਾਨਵਰਾਂ ਦੇ ਜੀਨਾਂ ਨੂੰ ਸੰਪਾਦਤ ਕਰਨ ਸਬੰਧੀ ਵਰਤੋਂ ਕੀਤੀ ਜਾਂਦੀ ਹੈ। ਕਾਲਜ ਆਫ ਐਨੀਮਲ ਬਾਇਓਟੈਕਨਾਲੋਜੀ ਵੱਲੋਂ ਭੋਜਨ ਸੁਰੱਖਿਆ ਅਤੇ ਵਾਤਾਵਰਨ ਲਈ ਜੀਨੋਮ ਐਡੀਟਿੰਗ ਵਿਸ਼ੇ ’ਤੇ ਪ੍ਰੋ. ਜਸਵਿੰਦਰ ਸਿੰਘ ਦਾ ਲੈਕਚਰ ਵੀ ਕਰਵਾਇਆ ਗਿਆ। ਉਨ੍ਹਾਂ ਵੈਟਰਨਰੀ ’ਵਰਸਿਟੀ ਵਿੱਚ ਇਸ ਪ੍ਰਣਾਲੀ ਵਿੱਚ ਉੱਤਮਤਾ ਕੇਂਦਰ ਸਥਾਪਤ ਕਰਨ ਦਾ ਵਿਚਾਰ ਪ੍ਰਗਟਾਇਆ। ਪ੍ਰੋ. ਸਿੰਘ ਨੇ ਕਿਹਾ ਕਿ ਵਿਭਾਗ ਤੇ ਮੈਕਗਿਲ ਯੂਨੀਵਰਸਿਟੀ ’ਚ ਇਹ ਕੰਮ ਕਰ ਰਹੇ ਹੋਰ ਵਿਭਾਗਾਂ ਦੇ ਮਾਹਿਰ ਵੈਟਰਨਰੀ ’ਵਰਸਿਟੀ ਦੇ ਕੇਂਦਰ ਨੂੰ ਮੁਹਾਰਤ, ਸਿਖਲਾਈ ਅਤੇ ਸਹਾਇਤਾ ਪ੍ਰਦਾਨ ਕਰਨਗੇ ਅਤੇ ਇਸ ਦੀ ਸਫਲਤਾ ਲਈ ਕੰਮ ਕਰਨਗੇ। ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਡਾ. ਯਸ਼ਪਾਲ ਸਿੰਘ ਮਲਿਕ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਇਹ ਕੇਂਦਰ ਬਣਾਉਣ ਸਬੱਧੀ ਹੱਥ ਮਿਲਾਏ ਜਾਣਗੇ। ਨਿਰਦੇਸ਼ਕ ਖੋਜ ਡਾ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ’ਵਰਸਿਟੀ ਭੋਜਨ ਸੁਰੱਖਿਆ ਅਤੇ ਵਾਤਾਵਰਨ ਸਥਿਰਤਾ ਲਈ ਜੀਨੋਮ ਸੰਪਾਦਨ ਵਿਸ਼ੇ ’ਤੇ ਇੱਕ ਪ੍ਰੋਗਰਾਮ ਚਲਾ ਰਹੀ ਹੈ।