ਸਤਵਿੰਦਰ ਬਸਰਾ
ਲੁਧਿਆਣਾ, 22 ਅਪਰੈਲ
ਰੂਸ ਦੇ ਇਕ ਵਫ਼ਦ ਵੱਲੋਂ ਅੱਜ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਦੌਰੇ ਮੌਕੇ ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਵਫਦ ਦੀ ਅਗਵਾਈ ਭਾਰਤ ਵਿੱਚ ਦੂਤਘਰ ਦੇ ਖੇਤੀ ਨਾਲ ਸਬੰਧਤ ਕੌਂਸਲਰ ਡਾ. ਕਾਨਸਤਨਤਿਨ ਮਾਲਾਸ਼ੇਨਕੋਬ ਕਰ ਰਹੇ ਸਨ। ਉਨ੍ਹਾਂ ਨਾਲ ਰੂਸ ਦੇ ਯਾਲਤਾ, ਨਿਕੀਤਾ ਦੇ ਨਿਕੀਸਕਾਈ ਬੋਟੈਨੀਕਲ ਗਾਰਡਨਜ਼ ਦੇ ਨਿਰਦੇਸ਼ਕ ਡਾ. ਯੂਰੀ ਪਲੂਜਾਤਰ ਅਤੇ ਕੌਮਾਂਤਰੀ ਗਤੀਵਿਧੀਆਂ ਦੇ ਉਪ ਮੁਖੀ ਡਾ. ਸਰਗੇਈ ਖੋਖਲੋਵ ਵੀ ਮੌਜੂਦ ਰਹੇ। ਇਸ ਵਫਦ ਨੇ ਕੌਮਾਂਤਰੀ ਪੱਧਰ ’ਤੇ ਪੀਏਯੂ ਨਾਲ ਸਾਂਝ ਦੀ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਪ ਕੁਲਪਤੀ ਡਾ. ਗੋਸਲ ਨੇ ਵਿਦੇਸ਼ੀ ਸੰਸਥਾਵਾਂ ਨਾਲ ਪੀ.ਏ.ਯੂ. ਦੇ ਸਹਿਯੋਗੀ ਸਬੰਧਾਂ ਬਾਰੇ ਗੱਲ ਕਰਦਿਆਂ ਕਿਸਾਨੀ ਦੀ ਲਈ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਮਕਸਦ ਕੌਮਾਂਤਰੀ ਸੰਸਥਾਵਾਂ ਨਾਲ ਖੋਜਾਂ ਦੇ ਵਟਾਂਦਰੇ, ਮਾਹਿਰਾਂ ਦੇ ਆਦਾਨ ਪ੍ਰਦਾਨ ਨੂੰ ਪ੍ਰਫੁੱਲਿਤ ਕਰਨਾ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ ਦੀਆਂ ਖੋਜ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਮਿੱਟੀ ਪਰਖ, ਕਿਸਮ ਸੁਧਾਰ, ਕਿੰਨੂ ਦੀ ਕਾਸ਼ਤ, ਸੁਰੱਖਿਅਤ ਖੇਤੀ ਆਦਿ ਸਬੰਧੀ ਹੋ ਰਹੇ ਕਾਰਜਾਂ ਦਾ ਜ਼ਿਕਰ ਕੀਤਾ। ਡਾ. ਮਾਨਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ। ਵਫ਼ਦ ਨੇ ਵਿਗਿਆਨੀਆਂ ਦੇ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਦੋਵਾਂ ਸੰਸਥਾਵਾਂ ਲਈ ਲਾਹੇਵੰਦ ਕਿਹਾ। ਇਸ ਮਿਲਣੀ ਦਾ ਸੰਚਾਲਨ ਸੰਸਥਾਈ ਸਹਿਯੋਗ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ।