ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਗਸਤ
ਸਨਅਤੀ ਸ਼ਹਿਰ ਸੜਕਾਂ ਆਪਣੇ ਟੋਇਆਂ ਕਾਰਨ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀਆਂ ਹਨ। ਤਾਜਪੁਰ ਰੋਡ ’ਤੇ ਤਾਂ ਸੜਕ ਦੇ ਹਾਲਾਤ ਸੁਣ ਤੁਸੀ ਹੈਰਾਨ ਹੋ ਜਾਓਗੇ। ਬੀਤੀ ਸ਼ਾਮ ਤਾਜਪੁਰ ਰੋਡ ਧਰਮ ਕੰਡੇ ਦੇ ਕੋਲ ਤਾਂ ਸੜਕ ’ਤੇ ਸੀਵਰੇਜ਼ ਦੀ ਪਾਈਪ ਧੱਸ ਗਈ, ਜਿਸ ਦੇ ਕਾਰਨ ਸੜਕ ’ਤੇ ਵੱਡਾ ਟੋਇਆ ਪੈ ਗਿਆ। ਜਿਸ ਕਾਰਨ ਸੜਕ ’ਤੇ ਖੜ੍ਹੀ ਬਲੈਰੋ ਗੱਡੀ ਸੜਕ ਦੇ ਅੰਦਰ ਹੀ ਧੱਸ ਗਈ। ਮੌਕੇ ’ਤੇ ਲੋਕਾਂ ਨੇ ਇਸਦੀ ਸੂਚਨਾ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਦਿੱਤੀ, ਜਿਸ ਤੋਂ ਬਾਅਦ ਜੇਸੀਬੀ ਮਸ਼ੀਨ ਦੀ ਮਦਦ ਦੇ ਨਾਲ ਟੋਏ ਵਿੱਚੋਂ ਗੱਡੀ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ਨਹੀਂ ਇੱਥੇ ਕਈ ਫੁੱਟ ਡੁੰਘਾ ਟੋਇਆ ਪੈ ਗਿਆ ਤੇ ਅੰਦਰ ਸੀਵਰੇਜ਼ ਦੀ ਲਾਈਨ ਧੱਸ ਗਈ, ਜਿਸਨੂੰ ਨਗਰ ਨਿਗਮ ਨੇ ਰਿਪੇਅਰ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਸਨਅਤੀ ਸ਼ਹਿਰ ਵਿੱਚ ਚੋਣਾਂ ਕਾਰਨ ਹੁਣ ਆਏ ਦਿਨ ਸੜਕ ਨਿਰਮਾਣ ਦੇ ਕੰਮਾਂ ਦਾ ਉਦਘਾਟਨ ਹੁੰਦਾ ਹੈ ਅਤੇ ਸੜਕ ਬਣ ਜਾਣ ’ਤੇ ਅਫ਼ਸਰ ਦਾਅਵੇ ਕਰਦੇ ਹਨ ਕਿ ਇਹ ਸੜਕਾਂ ਸਾਲਾਂ ਤੱਕ ਚੱਲਣਗੀਆਂ। ਪਰ ਹੁਣ ਤਾਂ ਸੜਕਾਂ ਥੱਲੇ ਤੋਂ ਖੋਖਲੀਆਂ ਹੋਣ ਲੱਗੀਆਂ ਹਨ। ਤਾਜਪੁਰ ਰੋਡ ’ਤੇ ਇੱਕ ਜਗ੍ਹਾ ਸੜਕ ਥੱਲਿਓ ਖੋਖਲੀ ਹੋਣ ਕਾਰਨ ਅਚਾਨਕ ਧੱਸ ਗਈ। ਸੜਕ ਤੋਂ ਲੰਘ ਰਹੇ ਬਲੈਰੋ ਗੱਡੀ ਦਾ ਅਗਲਾ ਹਿੱਸਾ ਅਚਾਨਕ ਉਸ ਗੱਡੇ ਵਿੱਚ ਧੱਸ ਗਿਆ। ਗੱਡੀ ਵਿੱਚ ਕੋਈ ਬੈਠਾ ਨਹੀਂ ਹੋਇਆ ਸੀ, ਇਸ ਕਾਰਨ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋ ਸੱਕਿਆ। ਇਸ ਤੋਂ ਪਹਿਲਾਂ ਮਾਡਲ ਟਾਊਨ ਐਕਸਟੇਂਸ਼ਨ ਸ਼ਮਸ਼ਾਨ ਘਾਟ ਰੋਡ ’ਤੇ ਵੀ ਕਾਫ਼ੀ ਸੜਕ ਧੱਸ ਗਈ ਸੀ, ਉਸ ਵਿੱਚ ਵੀ ਗੱਡੀ ਧੱਸ ਗਈ ਸੀ। ਇਸ ਸੜਕ ’ਤੇ ਕਾਫ਼ੀ ਦਿਨ ਰਿਪੇਅਰ ਦਾ ਕੰਮ ਚਲਦਾ ਰਿਹਾ। ਇਸ ਤੋਂ ਇਲਾਵਾ ਜਗਰਾਉਂ ਪੁਲ ’ਤੇ ਵੀ ਸੜਕ ਧੱਸ ਗਈ ਸੀ।