ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜੂਨ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬੀਤੀ ਦੇਰ ਰਾਤ ਐੱਲਪੀਜੀ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟ ਗਿਆ ਪਰ ਖੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਮੰਗਲਵਾਰ ਸਵੇਰੇ ਟਰੱਕ ਨੂੰ ਸੜਕ ਤੋਂ ਪਰੇ ਕਰਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ। ਸੋਮਵਾਰ ਅੱਧੀ ਰਾਤ ਤੋਂ ਬਾਅਦ ਸਥਾਨਕ ਦੁੱਗਰੀ ਰੋਡ ’ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਐੱਲਪੀਜੀ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟ ਜਾਣ ’ਤੇ ਵੀ ਸਾਰੇ ਸਿਲੰਡਰ ਸੁਰੱਖਿਅਤ ਰਹੇ।
ਰਾਤ ਦਾ ਸਮਾਂ ਹੋਣ ਕਰਕੇ ਇਸ ਹਾਦਸੇ ਦੇ ਅਸਲੀ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਇੰਨਾ ਜ਼ਰੂਰ ਪਤਾ ਲੱਗਾ ਕਿ ਹਾਦਸੇ ਮੌਕੇ ਡਰਾਈਵਰ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ ਸੀ। ਇਹ ਟਰੱਕ ਲੁਧਿਆਣਾ ਤੋਂ ਜਲੰਧਰ ਵਾਲੇ ਪਾਸੇ ਨੂੰ ਜਾ ਰਿਹਾ ਸੀ। ਹਾਦਸੇ ਮੌਕੇ ਜ਼ੋਰਦਾਰ ਧਮਾਕਾ ਹੋਣ ਨਾਲ ਆਸ ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ’ਤੇ ਕਾਫ਼ੀ ਲੋਕ ਇਕੱਠੇ ਵੀ ਹੋ ਗਏ। ਸੂਤਰਾਂ ਅਨੁਸਾਰ ਇਸ ਟਰੱਕ ਵਿੱਚ ਐੱਲਪੀਜੀ ਦੇ 450 ਦੇ ਕਰੀਬ ਭਰੇ ਹੋਏ ਸਿਲੰਡਰ ਲੋਡ ਸਨ। ਖੁਸ਼ਕਿਸਮਤੀ ਇਹ ਰਹੀ ਕਿ ਇਨ੍ਹਾਂ ਵਿੱਚੋਂ ਨਾ ਤਾਂ ਕੋਈ ਸਿਲੰਡਰ ਫਟਿਆ ਅਤੇ ਨਾ ਹੀ ਲੀਕ ਹੋਇਆ। ਜੇ ਅਜਿਹਾ ਹੁੰਦਾ ਤਾਂ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ। ਸੜਕ ਵਿੱਚ ਪਏ ਟਰੱਕ ਕਾਰਨ ਕਾਫ਼ੀ ਦੇਰ ਆਵਾਜਾਈ ਪ੍ਰਭਾਵਿਤ ਹੋਈ। ਮੰਗਲਵਾਰ ਸਵੇਰ ਪੁਲੀਸ ਪ੍ਰਸ਼ਾਸਨ ਵੱਲੋਂ ਟਰੱਕ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ।
ਸੜਕ ਹਾਦਸੇ ਵਿੱਚ ਇਕ ਹਲਾਕ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਲਾਡੋਵਾਲ ਦੇ ਇਲਾਕੇ ਵਿੱਚ ਇਕ ਵਿਅਕਤੀ ਦੀ ਬੱਸ ਹੇਠ ਆ ਜਾਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਪਿੰਡ ਜਗਤਪੁਰਾ ਫਿਲੌਰ ਵਾਸੀ ਕੁਸ਼ਿੰਦ ਨੇ ਦੱਸਿਆ ਹੈ ਕਿ ਉਹ ਸ਼ਿਵਰਾਜ ਪੁੱਤਰ ਪਰਾਗੀ ਰਾਮ (48 ਸਾਲ) ਨਾਲ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਸਰਬ ਵਿਆਪਕ ਏਕ ਜੋਤ ਸਤਿਸੰਗ ਘਰ ਕੋਲ ਪੁੱਜੇ ਤਾਂ ਸ਼ਿਵਰਾਜ ਦੀ ਜੇਬ ਵਿੱਚੋਂ ਕੁਝ ਨੋਟ ਨਿਕਲ ਕੇ ਹਵਾ ਵਿੱਚ ਉੱਡ ਗਏ। ਆਟੋ ਰਿਕਸ਼ਾ ਰੋਕ ਕੇ ਜਦੋਂ ਸ਼ਿਵਰਾਜ ਸੜਕ ਤੋਂ ਪੈਸੇ ਇਕੱਠੇ ਕਰ ਰਿਹਾ ਸੀ ਤਾਂ ਤੇਜ਼ ਰਫਤਾਰ ਬੱਸ ਦੇ ਚਾਲਕ ਨੇ ਬੱਸ ਉਸ ਉਪਰ ਚਾੜ੍ਹ ਦਿੱਤੀ ਜਿਸ ਨਾਲ ਪਿਛਲੇ ਟਾਇਰ ਹੇਠ ਆਉਣ ਕਰਕੇ ਸ਼ਿਵਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਨੇ ਬੱਸ ਨੰਬਰ ਪੀਬੀ 10 ਡੀਕੇ 3571 ਕਬਜ਼ੇ ਵਿੱਚ ਲੈ ਕੇ ਇਸ ਦੇ ਚਾਲਕ ਤਰਸੇਮ ਸਿੰਘ ਵਾਸੀ ਟਾਂਡਾ (ਹੁਸ਼ਿਆਰਪੁਰ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦਕਿ ਲਾਸ਼ ਦੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।