ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਜੁਲਾਈ
ਕੂੰਮਕਲਾਂ ਪੁਲੀਸ ਵਲੋਂ ਬੁੱਚੜਖਾਨੇ ਲਿਜਾ ਰਹੇ ਗਊਆਂ ਨਾਲ ਭਰੇ ਟਰੱਕ ਨੂੰ ਕਾਬੂ ਕਰ ਉਸ ’ਚੋਂ 18 ਗਊਆਂ ਬਰਾਮਦ ਕੀਤੀਆਂ ਅਤੇ ਇਸ ਮਾਮਲੇ ’ਚ ਹਰਪ੍ਰੀਤ ਸਿੰਘ ਲੁਧਿਆਣਾ, ਅਸ਼ਵਨੀ ਕੁਮਾਰ, ਚਰਨਜੀਤ ਸਿੰਘ, ਅਜੈ ਕੁਮਾਰ ਤੇ ਨਿਤਿਨ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਗਊ ਰੱਖਿਆ ਦਲ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਸੀ ਕਿ ਅਬੋਹਰ ਵਲੋਂ ਇੱਕ ਗਊਆਂ ਦੀ ਤਸਕਰੀ ਕਰਨ ਵਾਲਾ ਗਰੋਹ ਗਊਆਂ ਨੂੰ ਟਰੱਕਾਂ ਵਿਚ ਲੱਦ ਕੇ ਹਰਿਆਣਾ ’ਚ ਨਾਜਾਇਜ਼ ਤੌਰ ’ਤੇ ਚੱਲ ਰਹੇ ਬੁੱਚੜਖਾਨਿਆਂ ’ਚ ਲਿਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਦੀ ਟੀਮ ਨੇ ਟਰੱਕ ਦਾ ਪਿੱਛਾ ਕੀਤਾ। ਊਨ੍ਹਾਂ ਕੂੰਮਕਲਾਂ ਪੁਲੀਸ ਨੂੰ ਸੂਚਿਤ ਕੀਤਾ ਜਿਨ੍ਹਾਂ ਨਾਕਾਬੰਦੀ ਕਰ ਟਰੱਕ ਨੂੰ ਕਾਬੂ ਕਰਕੇ ਉਸ ਵਿਚੋਂ 18 ਗਊਆਂ ਬਰਾਮਦ ਕੀਤੀਆਂ। ਗਊਆਂ ਦੀ ਤਸਕਰੀ ਕਰਨ ਵਾਲੇ ਇਸ ਟਰੱਕ ਅੱਗੇ ਕਾਰ ਲਾ ਕੇ ਰਸਤੇ ਸਬੰਧੀ ਜਾਣਕਾਰੀ ਦੇ ਰਹੇ ਸਨ। ਕੂੰਮਕਲਾਂ ਪੁਲਸ ਨੇ ਟਰੱਕ ਤੇ ਕਾਰ ਵਿਚ ਸਵਾਰ 5 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਜਦਕਿ ਬੁੱਚੜਖਾਨੇ ਜਾ ਰਹੀਆਂ 18 ਗਊਆਂ ਨੂੰ ਰਿਹਾਅ ਕਰਵਾ ਗਈਆਂ ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਜੀ ਦਮ ਤੋੜਨ ਕਿਨਾਰੇ ਹੈ।
ਗਰੋਹ ਨੇ ਬੁੱਚੜਖਾਨੇ ਨਾਲ 25 ਹਜ਼ਾਰ ਪਸ਼ੂਆਂ ਦਾ ਕੀਤਾ ਸੌਦਾ
ਗਊ ਤਸਕਰੀ ਗਰੋਹ ਦਾ ਭਾਂਡਾ ਭੰਨਣ ਵਾਲੇ ਗਊ ਰੱਖਿਆ ਦਲ ਦੇ ਆਗੂ ਸੰਦੀਪ ਕੁਮਾਰ ਤੇ ਸ਼ਿਵ ਸੈਨਾ ਹਿੰਦ ਦੇ ਆਗੂ ਨਿਸ਼ਾਂਤ ਸ਼ਰਮਾ ਨੇ ਦਾਅਵਾ ਕੀਤਾ ਕਿ ਅਗਲੇ ਕੁੱਝ ਦਿਨਾਂ ’ਚ ਇਕ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਤਿਉਹਾਰ ਆਉਣ ਵਾਲਾ ਹੈ ਜਿਸ ਲਈ ਬੁੱਚੜਖਾਨੇ ਵਿਚ ਗਊਆਂ ਦਾ ਮੀਟ ਤਿਆਰ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਇਸ ਸਰਗਨੇ ਦੇ ਮੁਖੀ ਚਰਨਜੀਤ ਸਿੰਘ ਨੇ 25 ਹਜ਼ਾਰ ਗਊਆਂ ਦਾ ਸੌਦਾ ਬੁੱਚੜਖਾਨੇ ਨਾਲ ਕੀਤਾ ਹੈ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗਊਆਂ ਦੇ ਟਰੱਕ ਭਰ ਕੇ ਸਪਲਾਈ ਕਰ ਰਿਹਾ ਹੈ।
ਟਰੱਕ ’ਤੇ ਲੱਗਿਆ ਸੀ ਜਾਅਲੀ ਨੰਬਰ
ਥਾਣਾ ਕੂੰਮਕਲਾਂ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਟਰੱਕ ’ਚ ਗਊਆਂ ਲੱਦ ਕੇ ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਸਨ ਉਸ ਉਪਰ ਜਾਅਲੀ ਨੰਬਰ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਟਰੱਕ ’ਚੋਂ ਵੱਖ-ਵੱਖ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਜਦਕਿ ਟਰੱਕ ਦਾ ਇੱਕ ਨੰਬਰ ਤਾਂ ਪੰਜਾਬ ਦੇ ਕਿਸੇ ਪੁਲੀਸ ਥਾਣੇ ’ਚ ਬੰਦ ਕਿਸੇ ਵਾਹਨ ਦਾ ਲੱਗਿਆ ਹੈ।