ਦੇਵਿੰਦਰ ਸਿੰਘ ਜੱਗੀ
ਪਾਇਲ, 6 ਸਤੰਬਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਦਾਅਵੇ ਕੀਤੇ ਗਏ ਹਨ ਪਰ ਇਸ ਦਾਅਵਿਆਂ ਦੀ ਪੋਲ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਤੁਰਮਰੀ ਨੇ ਖੋਲ੍ਹੀ। ਪੱਤਰਕਾਰਾਂ ਵਲੋਂ ਅੱਜ ਇਸ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਸਿਰਫ ਇੱਕ ਅਧਿਆਪਕ ਹੀ ਸਾਰੇ ਵਿਸ਼ਿਆਂ ਨੂੰ ਇੱਕ ਹੀ ਕਮਰੇ ਵਿੱਚ ਬਿਠਾ ਕੇ ਪੜ੍ਹਾ ਰਿਹਾ ਸੀ। ਰੰਗ ਰੋਗਨ ਨਾਲ ਚਮਕ ਰਹੇ ਸਕੂਲ ਵਿਚ ਸਾਇੰਸ, ਗਣਿਤ, ਹਿੰਦੀ ਅਤੇ ਪੰਜਾਬੀ ਆਦਿ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸਕੂਲ ਅੰਦਰ ਬਣੀ ਕੰਪਿਊਟਰ ਲੈਬ ਵਿੱਚ 5 ਕੰਪਿਊਟਰਾਂ ਵਿੱਚੋਂ ਵੀ ਸਿਰਫ ਇੱਕ ਹੀ ਚੱਲ ਰਿਹਾ ਹੈ। ਇਸ ਸਕੂਲ ਵਿੱਚ ਕੰਪਿਊਟਰ ਅਧਿਆਪਕ ਵੀ ਸਿਰਫ ਸੋਮਵਾਰ ਤੇ ਮੰਗਲਵਾਰ ਨੂੰ ਆ ਰਹੀ ਹੈ, ਉਸ ਲੈਬ ਦਾ ਵੀ ਬੁਰਾ ਹਾਲ ਹੈ। ਦੱਸਣਾ ਬਣਦਾ ਹੈ ਕਿ ਇਸ ਸਕੂਲ ਵਿੱਚ ਤਿੰਨ ਅਧਿਆਪਕ ਪਿਛਲੇ ਦਿਨੀਂ ਕੀਤੀਆਂ ਬਦਲੀਆਂ ਕਾਰਨ ਸਕੂਲ ਵਿੱਚੋਂ ਚਲੇ ਗਏ ਹਨ। ਦੂਜੇ ਪਾਸੇ ਵਿਭਾਗ ਨੇ ਪੱਤਰ ਵੀ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਸਕੂਲ ਵਿੱਚ 50 ਫੀਸਦੀ ਤੋਂ ਸਟਾਫ ਘੱਟ ਰਹਿ ਜਾਂਦਾ ਹੈ ਤਾਂ ਅਧਿਆਪਕ ਨੂੰ ਫਾਰਗ ਨਾ ਕੀਤਾ ਜਾਵੇ ਪਰ ਸਕੂਲ ਮੁਖੀ ਵਲੋਂ ਮਹਿਕਮੇ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਿੰਨੇ ਅਧਿਆਪਕਾਂ ਨੂੰ ਫਾਰਗ ਕਰ ਦਿੱਤਾ ਗਿਆ ਜਿਸ ਕਾਰਨ ਸਕੂਲ ਦੀ ਇੱਕ ਅਧਿਆਪਕਾ 4 ਅਧਿਆਪਕਾਂ ਦੀ ਥਾਂ ਬੱਚਿਆਂ ਨੂੰ ਇੱਕ ਹੀ ਕਮਰੇ ਵਿੱਚ ਬਿਠਾ ਕੇ ਪੜ੍ਹਾ ਰਹੀ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ ਦਫਤਰੀ ਕੰਮ-ਕਾਜ ਅਤੇ ਆਨਲਾਈਨ ਕੰਮ ਵੀ ਕਰਵਾਉਣਾ ਪੈ ਰਿਹਾ ਹੈ।
ਸਕੂਲ ਕਮੇਟੀ ਦੇ ਚੇਅਰਮੈਨ ਰਾਜਿੰਦਰ ਗਿਰੀ, ਹਰਪ੍ਰੀਤ ਸਿੰਘ, ਰਾਮ ਸਿੰਘ, ਸਵਰਨ ਸਿੰਘ (ਸਾਰੇ ਪੰਚ) ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਸਾਰੇ ਲੋੜਵੰਦ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਪਰ ਅਧਿਆਪਕ ਕਰੋਨਾ ਦੇ ਦੌਰ ਵਿੱਚ ਬਦਲੀ ਕਰਵਾ ਕੇ ਚਲੇ ਗਏ ਜਿਸ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਖਾਲੀ ਅਸਾਮੀਆਂ ਨੂੰ ਪੁਰ ਕਰਨ ਲਈ ਡਿਪਟੀ ਡੀ.ਓ ਡਾ.ਚਰਨਜੀਤ ਸਿੰਘ ਜਲਾਜਣ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ।
ਅਸਾਮੀਆਂ ਜਲਦੀ ਭਰੀਆਂ ਜਾਣਗੀਆਂ: ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ.ਚਰਨਜੀਤ ਸਿੰਘ ਜਲਾਜਣ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਇੱਕ-ਦੋ ਦਿਨਾਂ ਵਿੱਚ ਹੀ ਖਾਲੀ ਪਈਆਂ ਅਸਾਮੀਆਂ ਨੂੰ ਪੁਰ ਕੀਤਾ ਜਾਵੇਗਾ। ਜਰਗ ਦੇ ਸਕੂਲ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਫਾਰਗ ਤਾਂ ਕੀਤਾ ਗਿਆ ਹੈ ਪਰ ਰੋਜ਼ਾਨਾ ਇਕ ਅਧਿਆਪਕ ਬਦਲ ਕੇ ਭੇਜਿਆ ਜਾ ਰਿਹਾ ਹੈ।