ਲੋਕਾਂ ਵਿੱਚ ਫੈਲੀ ਦਹਿਸ਼ਤ; ਲੋਕਾਂ ਨੇ ਪੁਲੀਸ ਨੂੰ ਦਿੱਤੀ ਸੂਚਨਾ
ਗਗਨਦੀਪ ਅਰੋੜਾ
ਲੁਧਿਆਣਾ, 3 ਸਤੰਬਰ
ਜਮਾਲਪੁਰ ਦੀ ਗੋਲ ਮਾਰਕੀਟ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜਾਲ ਵਿਛਾ ਕੇ ਖੜ੍ਹੀ ਐਂਟੀ ਸਮਗਲਿੰਗ ਸੈੱਲ ਦੀ ਟੀਮ ਨੇ ਫਿਲਮੀ ਅੰਦਾਜ਼ ’ਚ ਤਸਕਰ ਨੂੰ ਕਾਬੂ ਕੀਤਾ। ਤਸਕਰ ਦੇ ਨਾਲ ਆਏ ਉਸ ਦੇ ਦੋ ਸਾਥੀ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਉਥੇ ਮੌਜੂਦ ਲੋਕ ਪਹਿਲਾਂ ਕੁਝ ਸਮਝ ਨਾ ਸਕੇ। ਤਸਕਰ ਨੂੰ ਗੱਡੀ ’ਚ ਪਾ ਕੇ ਲਿਜਾਂਦੇ ਹੋਏ ਦੇਖ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਸਾਦੀ ਵਰਦੀ ’ਚ ਪੁਲੀਸ ਮੁਲਾਜ਼ਮ ਆਏ ਸਨ ਅਤੇ ਸ਼ੱਕੀ ਤਸਕਰ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਏ।
ਜਾਣਕਾਰੀ ਮੁਤਾਬਕ ਐਂਟੀ ਸਮਗਲਿੰਗ ਸੈੱਲ ਦੀ ਪੁਲੀਸ ਨੂੰ ਸ਼ਰਾਬ ਤਸਕਰਾਂ ਦੀ ਕੋਈ ਗੁਪਤ ਸੂਚਨਾ ਮਿਲੀ ਸੀ। ਇਸ ਲਈ ਪੁਲੀਸ ਸ਼ੁੱਕਰਵਾਰ ਦੀ ਸਵੇਰੇ ਹੀ ਸਾਦੀ ਵਰਦੀ ’ਚ ਜਮਾਲਪੁਰ ਦੀ ਗੋਲ ਮਾਰਕੀਟ ਦੇ ਨੇੜੇ ਜਾਲ ਵਿਛਾ ਕੇ ਬੈਠੀ ਸੀ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 12 ਵਜੇ ਦੇ ਕਰੀਬ ਜਿਨ੍ਹਾਂ ਦੀ ਭਾਲ ਸੀ, ਉਹ ਨੌਜਵਾਨ ਇਲਾਕੇ ’ਚ ਆਏ ਤਾਂ ਸਿਵਲ ਵਰਦੀ ’ਚ ਘੁੰਮ ਰਹੀ ਪੁਲੀਸ ਉਨ੍ਹਾਂ ਨੂੰ ਕਾਬੂ ਕਰਨ ਲਈ ਪਿੱਛੇ ਲੱਗ ਗਈ। ਪੁਲੀਸ ਉਨ੍ਹਾਂ ਨੂੰ ਫੜਨ ਲਈ ਪਿੱਛੇ ਭੱਜੀ, ਜਿਨ੍ਹਾਂ ਤੋਂ ਬਚਣ ਲਈ ਮੁਲਜ਼ਮ ਵੱਖ-ਵੱਖ ਦਿਸ਼ਾਵਾਂ ’ਚ ਭੱਜੇ। ਇਸ ਤੋਂ ਬਾਅਦ ਇੱਕ ਮੁਲਜ਼ਮ ਨੇ ਆਪਣੇ ਕੋਲ ਰੱਖੀ ਰਿਵਾਲਵਰ ਕੱਢ ਕੇ ਬਚਾਅ ਲਈ ਹਵਾਈ ਫਾਇਰ ਕਰ ਦਿੱਤਾ। ਜਦੋਂ ਉਹ ਦੂਸਰਾ ਫਾਇਰ ਕਰਨ ਲੱਗਿਆ ਤਾਂ ਉਸ ਦਾ ਹਥਿਆਰ ਥੱਲੇ ਡਿੱਗ ਪਿਆ। ਇਸ ਤੋਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਦੇ ਬਾਕੀ ਸਾਥੀ ਸਵਿਫ਼ਟ ਕਾਰ ’ਚ ਬੈਠ ਕੇ ਫ਼ਰਾਰ ਹੋ ਗਏ। ਪੁਲੀਸ ਨੇ ਇਨੋਵਾ ਤੇ ਬਲੈਰੋ ਕਾਰ ਨੂੰ ਪਿੱਛੇ ਲਾ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਫ਼ਰਾਰ ਹੋ ਗਏ। ਜਿਵੇਂ ਹੀ ਇਲਾਕਾ ਪੁਲੀਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਉਧਰ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਇਹ ਛਾਪੇਮਾਰੀ ਐਂਟੀ ਸਮਗਲਿੰਗ ਸੈੱਲ ਦੀ ਸੀ। ਉਨ੍ਹਾਂ ਕਿਹਾ ਕਿ ਗੋਲੀ ਚੱਲੀ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਪਤਾ। ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅੱਗੇ ਕੁਝ ਕਿਹਾ ਜਾ ਸਕਦਾ ਹੈ।