ਪੱਤਰ ਪ੍ਰੇਰਕ
ਸਮਰਾਲਾ, 10 ਸਤੰਬਰ
ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ, ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਜਸਦੇਵ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸਮਰਾਲਾ ਤਹਿਸੀਲ ਦੇ ਵੱਖ ਵੱਖ ਪਿੰਡਾਂ ਦੇ ਚੌਂਕੀਦਾਰਾਂ ਨੇ ਭਾਗ ਲਿਆ। ਰਮੇਸ਼ ਸਿੰਘ ਘਰਖਣਾ ਤਹਿਸੀਲ ਕੈਸ਼ੀਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੰਡੀਗੜ੍ਹ ਵਿਖੇ ਧਰਨੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਲਿਖੇ ਮੰਗ ਪੱਤਰ ਨੂੰ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਲੈਣ ਮੌਕੇ ਵਿਸ਼ਵਾਸ਼ ਦਿਵਾਇਆ ਸੀ ਕਿ ਤੁਹਾਡੀਆਂ ਮੰਗਾਂ ਤੇ ਇੱਕ ਹਫਤੇ ਦੇ ਅੰਦਰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ ਅਤੇ ਹੋਰ ਮਹਿਕਮੇ ਦੇ ਚੌਂਕੀਦਾਰਾਂ ਦੀ ਤਰਜ ਤੇ ਪੇਂਡੂ ਚੌਂਕੀਦਾਰਾਂ ਦਾ ਮਾਣ ਭੱਤਾ ਵੀ ਦੁੱਗਣਾ ਕਰ ਦਿੱਤਾ ਜਾਵੇਗਾ, ਪ੍ਰੰਤੂ ਅਜੇ ਤੱਕ ਪੰਜਾਬ ਸਰਕਾਰ ਨੇ ਇਸ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਤਹਿਸੀਲ ਪ੍ਰਧਾਨ ਜਸਦੇਵ ਸਿੰਘ ਜੱਸੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਮੌਜੂਦਾ ਸਰਕਾਰ ਪਿਛਲੇ ਪੌਣੇ ਪੰਜ ਸਾਲਾਂ ਤੋਂ ਉਨ੍ਹਾਂ ਨੂੰ ਲਾਰੇ ਲਾਉਂਦੀ ਆ ਰਹੀ ਹੈ, ਜਿਸ ਪ੍ਰਤੀ ਪੰਜਾਬ ਦੇ ਸਮੂਹ ਪੇਂਡੂ ਚੌਂਕੀਦਾਰਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ, ਜੇਕਰ ਪੰਜਾਬ ਸਰਕਾਰ ਆਉਂਦੇ ਸਮੇਂ ਅੰਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਚੌਂਕੀਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦਾਸ ਸਿੰਘ ਮਾਨੂੰਪੁਰ ਮੀਤ ਪ੍ਰਧਾਨ, ਰਮੇਸ਼ ਸਿੰਘ ਘਰਖਣਾ ਖਜਾਨਚੀ, ਕੁਲਦੀਪ ਸਿੰਘ ਹਰਿਓਂ ਸਕੱਤਰ, ਜੀਤ ਸਿੰਘ ਸਿਹਾਲਾ, ਮੇਵਾ ਸਿੰਘ ਭੌਰਲਾ, ਗੁਰਚਰਨ ਸਿੰਘ ਗਗੜਾ, ਨਿਰਮਲ ਸਿੰਘ ਸਲੌਦੀ, ਅਮਰਜੀਤ ਸਿੰਘ ਸਲੌਦੀ, ਕਰਮਜੀਤ ਸਿੰਘ ਕਲਾਲ ਮਾਜਰਾ, ਅਮਰੀਕ ਸਿੰਘ ਕੋਟਲਾ ਭੜੀ, ਸੋਹਣ ਸਿੰਘ ਹੇਡੋਂ, ਜਰਨੈਲ ਸਿੰਘ ਬਗਲੀ, ਅਵਤਾਰ ਸਿੰਘ ਲਲੌੜੀ ਕਲਾਂ, ਹਰਭਜਨ ਸਿੰਘ ਬੌਂਦਲ, ਬਿਸ਼ਨ ਸਿੰਘ ਲੋਪੋਂ, ਕਰਨੈਲ ਸਿੰਘ ਬਘੌਰ, ਅਜਮੇਰ ਸਿੰਘ ਰੁਪਾਲੋਂ ਆਦਿ ਤੋਂ ਇਲਾਵਾ ਤਹਿਸੀਲ ਸਮਰਾਲਾ ਦੇ ਚੌਂਕੀਦਾਰ ਹਾਜਰ ਸਨ।