ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਜਨਵਰੀ
ਸ਼ਹਿਰ ਦੇ ਰਘੂਨਾਥ ਇਨਕਲੇਵ ਇਲਾਕੇ ‘ਚ ਇੱਕ ਕੋਠੀ ‘ਚ ਕੰਮ ਕਰਨ ਵਾਲੀ ਨਾਬਾਲਗ ਦੇ ਨਾਲ ਇੱਕ ਨਾਬਾਲਗ ਨੌਜਵਾਨ ਨੇ ਜਬਰ-ਜਨਾਹ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਉਸ ਨੂੰ ਕੋਈ ਜਗ੍ਹਾਂ ਨਾ ਮਿਲਣ ‘ਤੇ ਸਮਸ਼ਾਨਘਾਟ ‘ਚ ਲਿਜਾ ਉਸ ਨਾਲ ਜਬਰ-ਜਨਾਹ ਕੀਤਾ। ਮੁਲਜ਼ਮ ਨੇ ਨਾਬਾਲਗਾ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਇਸ ਬਾਰੇ ਕਿਸੇ ਨੂੰ ਉਸਨੇ ਕੁਝ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ। ਨਾਬਾਲਗਾ ਨੇ ਇਸਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਜਿਸ ਤੋਂ ਬਾਅਦ ਸ਼ਿਕਾਇਤ ਥਾਣਾ ਸਰਾਭਾ ਨਗਰ ਪੁਲੀਸ ਕੋਲ ਕੀਤੀ ਗਈ। ਪੁਲੀਸ ਨੇ ਇਸ ਮਾਮਲੇ ‘ਚ ਨਾਬਾਲਗਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਨਾਬਾਲਗ ਨੌਜਵਾਨ ਖਿਲਾਫ਼ ਕੇਸ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਹੁਣ ਪੀੜਤਾ ਦੀ ਮੈਡੀਕਲ ਜਾਂਚ ਕਰਵਾਉਣ ਦੀ ਕਾਰਵਾਈ ‘ਚ ਲੱਗੀ ਹੋਈ ਹੈ।
ਸ਼ਿਕਾਇਤਰਕਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਨਾਬਾਲਗਾ ਇੱਕ ਕੋਠੀ ‘ਚ ਕੰਮ ਕਰਦੀ ਸੀ, ਜਿੱਥੇ ਮੁਲਜ਼ਮ ਬੀਤੇ ਐਤਵਾਰ ਨੂੰ ਦੇਰ ਸ਼ਾਮ ਉਸਨੂੰ ਬਹਾਨੇ ਨਾਲ ਇਹ ਆਖ ਕੇ ਲੈ ਗਿਆ ਕਿ ਉਸਦੀ ਮਾਸੀ ਬਿਮਾਰ ਹੈ। ਜਿਸ ਤੋਂ ਬਾਅਦ ਮੁਲਜ਼ਮ ਦੇ ਬਹਿਕਾਵੇ ‘ਚ ਆ ਕੇ ਲੜਕੀ ਮੁਲਜ਼ਮ ਨਾਲ ਚਲੀ ਗਈ। ਉਥੋਂ ਲਿਜਾਣ ਤੋਂ ਬਾਅਦ ਮੁਲਜ਼ਮ ਉਸ ਦੀ ਲੜਕੀ ਨੂੰ ਸਮਸ਼ਾਨਘਾਟ ਲੈ ਗਿਆ, ਜਿੱਥੇ ਉਸਦੀ ਮਰਜ਼ੀ ਤੋਂ ਬਿਨਾਂ ਜਬਰ-ਜਨਾਹ ਕੀਤਾ। ਚੌਕੀ ਰਘੂਨਾਥ ਇਨਕਲੇਵ ਦੇ ਇੰਚਾਰਜ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਪਹਿਲਾਂ ਵੀ ਚੋਰੀ ਦਾ ਕੇਸ ਦਰਜ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।