ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਪਰੈਲ
ਮਜ਼ਦੂਰਾਂ ਦੇ ਕੌਮਾਂਤਰੀ ਮੁਕਤੀ ਦਿਵਸ ਪਹਿਲੀ ਮਈ ਦੀ ਪੂਰੀ ਰਾਤ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬ ਲੋਕ ਸੱਭਿਆਚਾਰ ਮੰਚ ਵਲੋਂ ਮਨਾਈ ਜਾਂਦੀ ਕਲਾ ਤੇ ਕਿਰਤ ਦੇ ਇਨਕਲਾਬੀ ਜਸ਼ਨ ਦੀ ਰਾਤ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਹ ਰਾਤ ਪਿਛਲੇ ਤਿੰਨ ਦਹਾਕਿਆਂ ਤੋਂ ਨਾਟਕਾਂ, ਗੀਤਾਂ, ਕਵਿਤਾਵਾਂ, ਪੁਸਤਕ ਪ੍ਰਦਰਸ਼ਨੀਆਂ ਨਾਲ ਸਰੋਤਿਆਂ ਨੂੰ ਹਨੇਰਿਆਂ ਵਿਰੁੱਧ ਡਟਣ ਦਾ ਸੱਦਾ ਦਿੰਦੀ ਆ ਰਹੀ ਹੈ। ਇਸ ਸਮਾਗਮ ਦੀਆਂ ਤਿਆਰੀਆਂ ਬਾਰੇ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ’ਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਜਥੇਬੰਦੀਆਂ ਨੇ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਸਕੱਤਰ ਹਰਕੇਸ਼ ਚੋਧਰੀ ਨੇ ਦੱਸਿਆ ਕਿ ਨਾਟਕ ਤੇ ਗੀਤ ਸੰਗੀਤ ਦੇ ਇਸ ਮੇਲੇ ’ਚ ਨਾਟਕ ਤੇ ਗੀਤ ਸੰਗੀਤ ਟੀਮਾਂ ਫਾਸ਼ੀਵਾਦ, ਸਾਮਰਾਜੀ ਜੰਗਾਂ, ਜਮਹੂਰੀਅਤ ਦਾ ਘਾਣ, ਨੌਜਵਾਨੀ ਦਾ ਦੇਸ਼ਬਦਰ ਹੋਣਾ ਆਦਿ ਵਿਸ਼ਿਆਂ ’ਤੇ ਪੇਸ਼ਕਾਰੀਆਂ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ’ਚ ਨਾਬਰ ਤੇ ਚੰਮ ਵਰਗੀਆਂ ਚਰਚਿਤ ਫਿਲਮਾਂ ਦੇ ਨਾਮਵਰ ਫਿਲਮਸਾਜ਼ ਡਾ. ਰਾਜੀਵ ਕੁਮਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਉੱਘੀ ਚਿੰਤਕ ਡਾ. ਨਵਸ਼ਰਨ ਅਤੇ ਮੰਚ ਪ੍ਰਧਾਨ ਅਮੋਲਕ ਸਿੰਘ ਮੌਜੂਦਾ ਚੁਣੌਤੀਆਂ ਦੀ ਚਰਚਾ ਕਰਨਗੇ।