ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਅਗਸਤ
ਨੌਜਵਾਨ ਆਗੂ ਤੇ ਸਮਾਜਿਕ ਕਾਰਕੁਨ ਸੁੱਖ ਜਗਰਾਉਂ ਨੇ ਆਪਣੇ ਖੂਨ ਨਾਲ ਪੱਤਰ ਲਿਖ ਕੇ ਸਰਕਾਰ ਪਾਸੋਂ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ। ਉਹ ਆਪਣੇ ਸਾਥੀਆਂ, ਸਮਾਜ ਸੇਵੀ ਸੰਸਥਾਵਾਂ ਤੇ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਪਿਛਲੇ ਲੰਬੇ ਸਮੇਂ ਤੋਂ ਪਿੰਡ ਹਲਵਾਰਾ ਵਿੱਚ ਬਣ ਰਹੇ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਦੀ ਮੁਹਿੰਮ ਚਲਾ ਰਹੇ ਹਨ। ਆਪਣੇ ਸਾਥੀਆਂ ਨਾਲ ਹਲਵਾਰਾ ਅੰਤਰਰਾਸ਼ਟਰੀ ਏਅਰਪੋਰਟ ਦੇ ਬੋਰਡ ਦੇ ਥੱਲੇ ਖੜ੍ਹ ਆਪਣੀ ਮੰਗ ਮਨਵਾਉਣ ਵਾਸਤੇ ਉਨ੍ਹਾਂ ਆਪਣੇ ਖੂਨ ਨਾਲ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁੱਖ ਜਗਰਾਉਂ ਨੇ ਆਖਿਆ ਕਿ ਇਸ ਜਾਇਜ਼ ਮੰਗ ਨੂੰ ਫੌਰੀ ਮੰਨਿਆ ਜਾਵੇ। ਅੱਜ ਤੋਂ ਹਰੇਕ ਮਹੀਨੇ ਇਲਾਕੇ ਦੇ ਨੌਜਵਾਨ ਲਗਾਤਾਰ ਆਪਣੇ ਖੂਨ ਨਾਲ ਚਿੱਠੀਆਂ ਲਿਖ ਮੁੱਖ ਮੰਤਰੀ ਨੂੰ ਭੇਜਣਗੇ। ਇਸ ਮੌਕੇ ਉਨ੍ਹਾਂ ਦੇ ਸਾਥੀ ਸੁਖਵਿੰਦਰ ਸਿੰਘ ਹਲਵਾਰਾ ਨੇ ਆਖਿਆ ਕਿ ਭਗਵੰਤ ਮਾਨ ਜਦੋਂ ਸੰਸਦ ਮੈਂਬਰ ਸਨ ਤਾਂ ਉਨ੍ਹਾਂ ਖ਼ੁਦ ਫੋਨ ਕਰਕੇ ਇਸ ਮਸਲੇ ਬਾਰੇ ਜਾਣਕਾਰੀ ਲਈ ਸੀ ਤੇ ਇਸ ਮਸਲੇ ਨੂੰ ਸੰਸਦ ‘ਚ ਚੁੱਕਣ ਵਾਸਤੇ ਆਖਿਆ ਸੀ। ਅੱਜ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਨੇ ਉਹ ਲੋਕਾਂ ਦੀ ਇਸ ਮੰਗ ਨੂੰ ਜਲਦ ਤੋਂ ਜਲਦ ਵਿਧਾਨ ਸਭਾ ‘ਚ ਪ੍ਰਸਤਾਵ ਦੇ ਰੂਪ ’ਚ ਪੇਸ਼ ਕਰਕੇ ਕੇਂਦਰ ਸਰਕਾਰ ਨੂੰ ਭੇਜਣ।