ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜੁਲਾਈ
ਪਰਿਵਾਰ ਦੇ ਨਾਲ ਦਿੱਲੀ ’ਚ ਈਦ ਮਨਾਉਣ ਤੋਂ ਬਾਅਦ ਵਾਪਸ ਆਈ ਜੋਧੇਵਾਲ ਵਾਸੀ ਮੁਮਤਾਜ ਖਾਤੂਨ ਦੀ ਮੰਗਲਵਾਰ ਦੇਰ ਰਾਤ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਮੁਮਤਾਜ ਦੀ ਮੌਤ ਉਸ ਸਮੇਂ ਹੋਈ, ਜਦੋਂ ਉਹ ਪਰਿਵਾਰ ਨਾਲ ਸੜਕ ਪਾਰ ਕਰ ਦੂਸਰੇ ਪਾਸੇ ਜਾਣ ਲੱਗੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਟਰੱਕ ਕਬਜ਼ੇ ’ਚ ਲੈ ਲਿਆ ਤੇ ਮੁਮਤਾਜ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਪਰਿਵਾਰ ਨੂੰ ਸੌਂਪ ਦਿੱਤੀ। ਥਾਣਾ ਦਰੇਸੀ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਘਟਨਾ ਸਥਾਨ ਤੋਂ ਫ਼ਰਾਰ ਹੋ ਕੇ ਦਾਣਾ ਮੰਡੀ ਕੋਲ ਆਪਣਾ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਦਾ ਪਤਾ ਲਾਇਆ ਜਾ ਰਿਹਾ ਹੈ।